ਪੱਤਰ ਪ੍ਰੇਰਕ
ਚੰਡੀਗੜ੍ਹ, 11 ਜੂਨ
ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ-2 ਵਿੱਚ ਵੀਰਵਾਰ ਦੀ ਦੇਰ ਰਾਤ ਹੋਸਟਲ ਦੀ ਵਾਰਡਨ ਸਮੇਤ ਪੀਯੂ ਅਥਾਰਿਟੀ ਨਾਲ ਸਬੰਧਤ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਕੁਝ ਲੜਕਿਆਂ ਦੇ ਜ਼ਬਰਦਸਤੀ ਦਾਖਲੇ ਨਾਲ ਹੋਸਟਲ ਵਿੱਚ ਰਹਿਣ ਵਾਲੀਆਂ ਲੜਕੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਲੜਕੀਆਂ ਨੇ ਯੂਨੀਵਰਸਿਟੀ ਦੇ ਵਿਮੈਨ ਸੈੱਲ ਨੂੰ ਸ਼ਿਕਾਇਤ ਕੀਤੀ ਤਾਂ ਵੀ ਕੋਈ ਸੁਣਵਾਈ ਨਹੀਂ ਹੋਈ। ਪ੍ਰੇਸ਼ਾਨ ਹੋ ਕੇ ਲੜਕੀਆਂ ਵੱਲੋਂ ਅੱਜ ਇੱਕ ਲਿਖਤੀ ਸ਼ਿਕਾਇਤ ਪੁਲਿਸ ਸਟੇਸ਼ਨ ਸੈਕਟਰ-11 ਚੰਡੀਗੜ੍ਹ ਵਿੱਚ ਦਿੱਤੀ ਗਈ ਹੈ। ਇਸ ਸਬੰਧ ਵਿੱਚ ਹੋਸਟਲ ਦੀ ਵਾਰਡਨ ਹਰਜੀਤ ਕੌਰ ਨੇ ਕਿਸੇ ਪ੍ਰਕਾਰ ਦਾ ਕੋਈ ਠੋਸ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।
ਪੀਯੂ ਅਥਾਰਿਟੀ ਦਾ ਭਾਜਪਾ ਤੇ ਆਰਐੱਸਐੱਸ ਨਾਲ ਸਿੱਧਾ ਸਬੰਧ: ਐੱਸਐੱਫਐੱਸ
ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਅਥਾਰਿਟੀ ਵੱਲੋਂ ਭਾਜਪਾ ਤੇ ਆਰਐੱਸਐੱਸ ਨਾਲ ਸਿੱਧਾ ਸਬੰਧ ਰੱਖਣ ਕਾਰਨ ਯੂਨੀਵਰਸਿਟੀ ਵਿੱਚ ਸ਼ਰ੍ਹੇਆਮ ਗੁੰਡਾਗਰਦੀ ਦਾ ਮਾਹੌਲ ਹੈ।