ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ 336 ਖੋਜਾਂ ਕਰ ਕੇ ਪੇਟੈਂਟ ਦਰਜ ਕਰਵਾ ਕੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਬਾਰੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਦੇ ਪੇਟੈਂਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਚੰਡੀਗੜ੍ਹ ਯੂਨੀਵਰਸਿਟੀ ਰਿਕਾਰਡ ਤੋੜ ਪੇਟੈਂਟ ਦਰਜ ਕਰ ਕੇ ਆਈਟੀ ਦੇ ਖੇਤਰ ਵਿੱਚ ਸਭ ਤੋਂ ਅੱਗੇ ਰਹੀ ਹੈ। ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਸੀਜੀਸੀ ਲਾਂਡਰਾ ਵੱਲੋਂ 67.6 ਫ਼ੀਸਦੀ ਪੇਟੈਂਟ ਰਜਿਸਟਰ ਕਰਵਾਉਣ ਦੇ ਨਾਲ ਹੀ ਪੰਜਾਬ 12ਵੇਂ ਸਥਾਨ ਤੋਂ 8ਵੇਂ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਸਿਹਤ ਦੀ ਦੇਖਭਾਲ, ਖੇਤੀਬਾੜੀ, ਆਟੋਮੇਸ਼ਨ, ਪਾਣੀ ਬਚਾਓ, ਵਾਤਾਵਰਨ ਬਚਾਓ, ਮਹਿਲਾ ਸੁਰੱਖਿਆ ਸਮੇਤ ਹੋਰਨਾਂ ਮੁੱਦਿਆ ’ਤੇ ਖੋਜ ਕੀਤੀ ਗਈ ਹੈ। ਸੰਧੂ ਨੇ ਦੱਸਿਆ ਕਿ ਦੇਸ਼ ਦੀਆਂ 29 ਆਈਆਈਟੀ ਵੱਲੋਂ ਸਾਂਝੇ ਤੌਰ ’ਤੇ 557 ਪੇਟੈਂਟ ਦਰਜ ਕਰਵਾਏ ਗਏ ਹਨ ਜਦਕਿ ਚੰਡੀਗੜ੍ਹ ਯੂਨੀਵਰਸਿਟੀ ਨੇ 336 ਪੇਟੈਂਟ ਦਰਜ ਕਰਵਾਏ ਹਨ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਖੋਜ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਆਪਣੀ ਖੋਜ ਬਾਰੇ ਵਿਚਾਰ ਸਾਂਝੇ ਕੀਤੇ ਗਏ।