ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੁਲਾਈ
ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਚੋਣਾਂ ਕਰਵਾਉਣ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਕ ਚੋਣਾਂ ਦੀ ਸ਼ੁਰੂਆਤ 3 ਅਗਸਤ ਤੋਂ ਦੱਸੀ ਗਈ ਹੈ। ਦੱਸਣਯੋਗ ਹੈ ਕਿ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ 7 ਸੈਨੇਟਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਹੋਇਆ ਹੈ, ਜਿਸ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੋਣਾਂ ਸਬੰਧੀ ਅੱਜ ਹਾਈਕੋਰਟ ਵਿੱਚ ਸ਼ਡਿਊਲ ਦੀ ਕਾਪੀ ਜਮ੍ਹਾਂ ਵੀ ਕਰਵਾ ਦਿੱਤੀ ਹੈ। ’ਵਰਸਿਟੀ ਪ੍ਰਸ਼ਾਸਨ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਚੋਣ ਪ੍ਰਕਿਰਿਆ 3 ਤੋਂ 23 ਅਗਸਤ ਤੱਕ ਚੱਲੇਗੀ। ਇਨ੍ਹਾਂ ਚੋਣਾਂ ਵਿੱਚ ਟੈਕਨੀਕਲ ਤੇ ਪ੍ਰੋਫ਼ੈਸ਼ਨਲ ਕਾਲਜਾਂ ਦੇ ਪਿੰਸੀਪਲਾਂ ਦੀ ਚੋਣ ਤੇ ਇਨ੍ਹਾਂ ਕਾਲਜਾਂ ਦੇ ਸਟਾਫ਼ ਮੈਂਬਰਾਂ ਦੀ ਚੋਣ 3 ਅਗਸਤ ਨੂੰ ਹੋਵੇਗੀ। ਪੀਯੂ ਦੇ ਵੱਖ-ਵੱਖ ਸਿੱਖਿਆ ਵਿਭਾਗਾਂ ਦੇ ਪ੍ਰੋਫ਼ੈਸਰਾਂ, ਐਸੋਸੀਏਟ ਪ੍ਰੋਫ਼ੈਸਰਾਂ ਅਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਚੋਣ 10 ਅਗਸਤ ਨੂੰ, ਐਫੀਲੀਏਟਿਡ ਕਾਲਜਾਂ ਦੇ ਮੁਖੀਆਂ ਅਤੇ ਪ੍ਰੋਫ਼ੈਸਰ-ਐਸੋਸੀਏਟ ਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਚੋਣ 18 ਅਗਸਤ ਨੂੰ, ਰਜਿਸਟਰਡ ਗਰੈਜੂਏਟਸ ਕੰਸਟੀਚਿਉਐਂਸੀ ਦੀ ਚੋਣ 18 ਅਗਸਤ ਨੂੰ ਅਤੇ ਵੱਖ,-ਵੱਖ ਫੈਕਲਟੀਆਂ ਦੀ ਚੋਣ 23 ਅਗਸਤ ਨੂੰ ਕਰਵਾਈ ਜਾ ਰਹੀ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ ਬਦਲੀ ਚੋਣਾਂ ਦੀ ਤਰਤੀਬ
ਭਾਵੇਂ ਪੀਯੂ ਪ੍ਰਸ਼ਾਸਨ ਨੇ ਹਾਈਕੋਰਟ ਵਿੱਚ ਲੱਗੀ 19 ਜੁਲਾਈ ਦੀ ਤਰੀਕ ਮੌਕੇ ਪੇਸ਼ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸ਼ਡਿਊਲ ਜਾਰੀ ਕਰ ਦਿੱਤਾ ਹੈ, ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਚੋਣਾਂ ਦੀ ਤਰਤੀਬ ਨੂੰ ਬਦਲ ਦਿੱਤੀ ਹੈ। ਮਤਲਬ ਇਹ ਕਿ ਸਭ ਤੋਂ ਮਹੱਤਵਪੂਰਨ ਸਮਝੀਆਂ ਜਾਂਦੀਆਂ 6 ਫੈਕਲਟੀ ਚੋਣਾਂ ਇਸ ਵਾਰ ਸਭ ਤੋਂ ਬਾਅਦ ਵਿੱਚ ਕਰ ਦਿੱਤੀਆਂ ਗਈਆਂ ਹਨ। ਮੰਨਿਆ ਜਾਂਦਾ ਹੈ ਕਿ ਇਹ 6 ਫੈਕਲਟੀ ਚੋਣਾਂ ਹੀ ਪੂਰੀ ਸੈਨੇਟ ਦੀ ਵੋਟਿੰਗ ਨੂੰ ਪ੍ਰਭਾਵਿਤ ਕਰਦੀਆਂ ਹਨ। ਸੂਤਰ ਦੱਸਦੇ ਹਨ ਕਿ ਚੋਣਾਂ ਵਿੱਚ ਹਰ ਵਾਰ ਦੀ ਤਰ੍ਹਾਂ ਗੋਇਲ ਗਰੁੱਪ ਦੇ ਹਾਵੀ ਹੋਣ ਕਾਰਨ ਭਾਜਪਾ ਗਰੁੱਪ ਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਜੇਕਰ ਫੈਕਲਟੀ ਚੋਣਾਂ ਵਿੱਚ ਉਸ ਦੀ ਹਾਰ ਹੋ ਜਾਂਦੀ ਹੈ ਤਾਂ ਬਾਕੀ ਸਾਰੀਆਂ ਚੋਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਲਈ ਫੈਕਲਟੀ ਚੋਣਾਂ ਨੂੰ ਸਭ ਤੋਂ ਅਖ਼ੀਰ ਵਿੱਚ ਕਰ ਦਿੱਤਾ ਗਿਆ ਹੈ।
ਲਾਅ ਕੋਰਸ: ਦਾਖਲਾ ਪ੍ਰੀਖਿਆ ਦੀ ਤਰੀਕ ਨਿਸ਼ਚਿਤ
ਪੀਯੂ ਵੱਲੋਂ ਬੀਏ/ਬੀਕੌਮ ਐੱਲਐੱਲਬੀ (ਆਨਰਜ਼) ਦੇ 5 ਸਾਲਾ ਇੰਟੀਗ੍ਰੇਟਡ ਕੋਰਸ ਸਬੰਧੀ ਦਾਖਲਾ ਪ੍ਰੀਖਿਆ ਦੀ ਤਰੀਕ 20 ਅਗਸਤ 2021 ਨਿਸ਼ਚਿਤ ਕੀਤੀ ਗਈ ਹੈ। ਐਪਲੀਕੇਸ਼ਨ ਫਾਰਮ ਸਮੇਤ ਪ੍ਰਾਸਪੈਕਟਸ ਪੀਯੂ ਦੀ ਵੈੱਬਸਾਈਟ ’ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਸਥਾਰ ਸਹਿਤ ਸ਼ਡਿਊਲ ਵੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਜਾਵੇਗਾ। ਕੋਰਸ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਨੂੰ ਪੀਯੂ ਦੀ ਵੈੱਬਸਾਈਟ ਦੇਖਣ ਦੀ ਸਲਾਹ ਦਿੱਤੀ ਗਈ ਹੈ।