ਪੱਤਰ ਪ੍ਰੇਰਕ
ਚੰਡੀਗੜ੍ਹ, 20 ਨਵੰਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਕੈਂਪਸ ਵਿਚ ਉਪ-ਕੁਲਪਤੀ ਦੀ ਰਿਹਾਇਸ਼ ਅੱਗੇ ਅੱਜ ਤੋਂ ਨਿਰੰਤਰ ਧਰਨਿਆਂ ਦੀ ਲੜੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਚਲਦਿਆਂ ਅੱਜ ਪਹਿਲਾ ਧਰਨਾ ਦਿੱਤਾ ਗਿਆ ਜਿਸ ਵਿੱਚ ਐਸੋਸੀਏਸ਼ਨ ਨੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੂੰ ਅਧਿਆਪਕ ਵਿਰੋਧੀ ਵਤੀਰੇ ਵਾਲਾ ਗਰਦਾਨਦਿਆਂ ਉਨ੍ਹਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੂਟਾ ਦੇ ਪ੍ਰਧਾਨ ਮ੍ਰਿਤੁੰਜਯ ਕੁਮਾਰ, ਸਕੱਤਰ ਅਮਰਜੀਤ ਸਿੰਘ ਨੌਰਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪ-ਕੁਲਪਤੀ ਵੱਲੋਂ 70 ਤੋਂ ਵੱਧ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਕੈਸ ਪ੍ਰਮੋਸ਼ਨਾਂ ਦੇ ਹੱਲ ਲਈ ਐਸੋਸੀਏਸ਼ਨ ਨਾਲ ਕਰਾਰ ਕਰਕੇ ਅਤੇ ਭਰੋਸੇ ਦੇਣ ਦੇ ਬਾਵਜੂਦ ਸਿਲੈਕਸ਼ਨ/ਸਕਰੀਨਿੰਗ ਕਮੇਟੀਆਂ ਨਾਲ ਮੀਟਿੰਗ ਕਰਨ ਤੋਂ ਕਥਿਤ ਤੌਰ ’ਤੇ ਟਾਲਾ ਵੱਟਿਆ ਜਾ ਰਿਹਾ ਹੈ। ਹੁਣ ਇਸ ਮਾਮਲੇ ਨੂੰ ਹੋਰ ਲਟਕਾਉਣ ਲਈ ਪ੍ਰਮੋਸ਼ਨਾਂ ਦੇ ਲਈ ਇਕ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਤੋਂ ਸਪੱਸ਼ਟ ਹੈ ਕਿ ਅਧਿਆਪਕਾਂ ਦੇ ਮਸਲਿਆਂ ਬਾਰੇ ਉਪ-ਕੁਲਪਤੀ ਸਾਹਮਣੇ ਹੀ ਨਹੀਂ ਆਉਣਾ ਚਾਹੁੰਦੇ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਮੰਗਾਂ ਮਨਵਾਊਣ ਲਈ ਉਪ-ਕੁਲਪਤੀ ਦੀ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਹਰ ਰੋਜ਼ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ ਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।