ਕੁਲਦੀਪ ਸਿੰਘ
ਚੰਡੀਗੜ੍ਹ, 16 ਨਵੰਬਰ
ਪੰਜਾਬ ਯੂਨੀਵਰਸਿਟੀ ਵੱਲੋਂ ਸਮੈਸਟਰ ਪ੍ਰੀਖਿਆਵਾਂ ਆਫ਼ਲਾਈਨ ਕਰਵਾਉਣ ਦੇ ਫ਼ੈਸਲੇ ਦਾ ਵਿਦਿਆਰਥੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਸਮੈਸਟਰ ਪ੍ਰੀਖਿਆਵਾਂ ਨੂੰ ਆਨਲਾਈਨ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਦੇ ਨਾਂ ਮੰਗ ਪੱਤਰ ਪੀਯੂ ਅਥਾਰਿਟੀ ਨੂੰ ਸੌਂਪਿਆ ਗਿਆ।
ਜਥੇਬੰਦੀ ਦੇ ਆਗੂਆਂ ਅਮਨਦੀਪ ਸਿੰਘ ਤੇ ਅਮਨਦੀਪ ਕੌਰ ਨੇ ਦੱਸਿਆ ਕਿ ਕਰੋਨਾ ਦੌਰ ਤੋਂ ਲੈ ਕੇ ਹੁਣ ਤੱਕ ਪੀਯੂ ਵਿੱਚ ਆਨਲਾਈਨ ਪੜ੍ਹਾਈ ਚੱਲ ਰਹੀ ਹੈ। ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਖੋਲ੍ਹਣ ਅਤੇ ਆਫ਼ਲਾਈਨ ਕਲਾਸਾਂ ਲਗਾਉਣ ਦੀ ਮੰਗ ਕੀਤੀ ਗਈ ਹੈ ਪਰ ਯੂਨੀਵਰਸਿਟੀ ਅਥਾਰਿਟੀ ਨੇ ਵਿਦਿਆਰਥੀਆਂ ਦੀ ਇੱਕ ਨਹੀ ਸੁਣੀ ਅਤੇ ਆਨਲਾਈਨ ਪੜ੍ਹਾਈ ਹੀ ਜਾਰੀ ਰੱਖ ਕੇ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਕੀਤਾ ਹੈ ਕਿਉਂਕਿ ਕਈ ਵਿਦਿਆਰਥੀਆਂ ਕੋਲ ਇੰਟਰਨੈੱਟ ਅਤੇ ਸਿਲੇਬਸ ਦੀਆਂ ਕਿਤਾਬਾਂ ਦਾ ਪ੍ਰਬੰਧ ਨਹੀਂ ਸੀ। ਇਨ੍ਹਾਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਪੀਯੂ ਅਥਾਰਿਟੀ ਨੇ ਹੁਣ ਸਮੈਸਟਰ ਪ੍ਰੀਖਿਆਵਾਂ ਆਫ਼ਲਾਈਨ ਲੈਣ ਦਾ ਐਲਾਨ ਕਰ ਦਿੱਤਾ ਹੈ ਤੇ ਇਹ ਫ਼ੈਸਲਾ ਵਿਦਿਆਰਥੀਆਂ ਨੂੰ ਮਨਜ਼ੂਰ ਨਹੀਂ ਹੈ।
ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ 30 ਦਿਨ ਆਫ਼ਲਾਈਨ ਕਲਾਸਾਂ ਲਗਾ ਕੇ ਹੀ ਆਫ਼ਲਾਈਨ ਪ੍ਰੀਖਿਆਵਾਂ ਲਈਆਂ ਜਾਣ ਤੇ ਪੀਯੂ ਕੈਂਪਸ ਨੂੰ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਜਾਵੇ।