ਕੁਲਦੀਪ ਸਿੰਘ
ਚੰਡੀਗੜ੍ਹ, 10 ਫ਼ਰਵਰੀ
ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਅੱਜ ਪੰਜਾਬ ਯੂਨੀਵਰਸਿਟੀ ਵਿੱਚ ਉਪ-ਕੁਲਪਤੀ ਦੇ ਦਫ਼ਤਰ ਅੱਗੇ ਪੀਐੱਚ. ਡੀ. ਅਤੇ ਐੱਮ.ਫਿਲ. ਦੇ ਵਿਦਿਆਰਥੀਆਂ ਦੀ ਹੋਸਟਲ ਅਲਾਟਮੈਂਟ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਸੰਦੀਪ ਨੇ ਕਿਹਾ ਕਿ ਕਰੋਨਾ ਮਹਾਮਾਰੀ ਕਰਕੇ ਕੀਤੀ ਗਈ ਤਾਲਾਬੰਦੀ ਤੋਂ ਪਹਿਲਾਂ ਜੋ ਪੀਐੱਚ. ਡੀ. ਦੇ ਵਿਦਿਆਰਥੀਆਂ ਦੇ ਦਾਖਲੇ ਹੋਏ ਸਨ, ਉਨ੍ਹਾਂ ਵਿਦਿਆਰਥੀਆਂ ਨੂੰ ਹਾਲੇ ਤੱਕ ਹੋਸਟਲ ਅਲਾਟਮੈਂਟ ਵੀ ਨਹੀਂ ਕੀਤੀ ਗਈ ਅਤੇ ਐੱਮ.ਫਿਲ. ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਵੀ ਹੋਸਟਲ ਨਹੀਂ ਦਿੱਤੇ ਜਾ ਰਹੇ। ਰੋਸ ਪ੍ਰਦਰਸ਼ਨ ਤੋਂ ਬਾਅਦ ਪੀਯੂ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਪਰ ਡੀਨ (ਵਿਦਿਆਰਥੀ ਭਲਾਈ) ਦੇ ਕਥਿਤ ਅੜੀਅਲ ਰਵੱਈਏ ਕਾਰਨ ਕੋਈ ਸਿੱਟਾ ਨਹੀਂ ਨਿਕਲ ਸਕਿਆ। ਇਸ ਮਗਰੋਂ ਪੀਯੂ ਪ੍ਰਸ਼ਾਸਨ ਨੇ ਮਾਮਲੇ ਦੇ ਹੱਲ ਲਈ ਸਮਾਂ ਮੰਗਿਆ ਤੇ ਮੰਗ ਮੰਨਣ ਦਾ ਭਰੋਸਾ ਦਿੱਤਾ।
ਰੋਸ ਪ੍ਰਦਰਸ਼ਨ ਕਰ ਰਹੇ ਖੋਜਾਰਥੀਆਂ ਨੇ ਪੀਯੂ ਪ੍ਰਸ਼ਾਸ਼ਨ ਤੋਂ ਮਿਲੇ ਭਰੋਸੇ ਤੋਂ ਬਾਅਦ ਆਪਣਾ ਧਰਨਾ ਚੁੱਕ ਲਿਆ। ਸ਼ਾਮ ਨੂੰ ਮੀਟਿੰਗ ਕਰਕੇ ਪੀਯੂ ਪ੍ਰਸ਼ਾਸਨ ਨੇ 18 ਤਾਰੀਕ ਤੱਕ ਪੀ.ਐੱਚ.ਡੀ. ਦੇ ਵਿਦਿਆਰਥੀਆਂ ਨੂੰ ਹੋਸਟਲ ਅਲਾਟਮੈਂਟ ਦੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਐੱਮ.ਫਿੱਲ. ਦੂਜੇ ਸਾਲ ਦੇ ਵਿਦਿਆਰਥੀਆਂ ਦੇ ਹੋਸਟਲ ਵਾਲੇ ਮਸਲੇ ਦਾ ਹੱਲ ਇਕ-ਦੋ ਦਿਨਾਂ ਵਿੱਚ ਕਰਨ ਦਾ ਪੀਯੂ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ।
ਆਨਲਾਈਨ ਪ੍ਰੀਖਿਆਵਾਂ ਦੀਆਂ ਤਿਆਰੀਆਂ ਦਾ ਜਾਇਜ਼ਾ
ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਅੱਜ ਪ੍ਰਬੰਧਕੀ ਬਲਾਕ ਵਿੱਚ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਨੇ 15 ਫਰਵਰੀ ਨੂੰ ਹੋਣ ਵਾਲੀਆਂ ਆਨਲਾਈਨ ਪ੍ਰੀਖਿਆਵਾਂ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਫ਼-ਸਫ਼ਾਈ ਦਾ ਧਿਆਨ ਰੱਖਣ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਬੰਧੀ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ।