ਪੱਤਰ ਪ੍ਰੇਰਕ
ਚੰਡੀਗੜ੍ਹ, 22 ਫ਼ਰਵਰੀ
ਆਖਿਰਕਾਰ ਵਿਦਿਆਰਥੀ ਜਥੇਬੰਦੀਆਂ ਵੱਲੋਂ ਵਾਰ-ਵਾਰ ਕੀਤੇ ਰੋਸ ਪ੍ਰਦਰਸ਼ਨਾਂ ਮਗਰੋਂ ਪੰਜਾਬ ਯੂਨੀਵਰਸਿਟੀ ਵੱਲੋਂ ਅੱਜ ਪੀਐੱਚਡੀ ਦੇ ਵਿਦਿਆਰਥੀਆਂ ਲਈ ਹੋਸਟਲ ਅਲਾਟਮੈਂਟ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਜਾਰੀ ਪ੍ਰੈੱਸ ਬਿਆਨ ਰਾਹੀਂ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਹੋਸਟਲ ਅਲਾਟਮੈਂਟ ਦੇ ਨਾਲ-ਨਾਲ ਨਿਊਕਲੀਅਰ ਮੈਡੀਸਿਨ, ਮੈਡੀਕਲ ਫਿਜ਼ਿਕਸ, ਐੱਮਡੀਐੱਸ ਅਤੇ ਐੱਮ ਫਾਰਮਾ ਦੇ ਪਹਿਲਾਂ ਚੱਲ ਰਹੇ ਸਮੈਸਟਰਾਂ ਦੇ ਵਿਦਿਆਰਥੀਆਂ ਨੂੰ ਵੀ ਹੋਸਟਲਾਂ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸੈਕਟਰ-14 ਸਥਿਤ ਕੈਂਪਸ ਦੇ ਵਿਭਾਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਸੈਕਟਰ 14 ਵਿੱਚ ਹੀ ਹੋਸਟਲ ਅਲਾਟ ਕੀਤੇ ਗਏ ਹਨ ਜਦਕਿ ਸੈਕਟਰ-25 ਸਥਿਤ ਕੈਂਪਸ ਵਾਲੇ ਵਿਦਿਆਰਥੀਆਂ ਨੂੰ ਉੱਤਰੀ ਕੈਂਪਸ ਵਿੱਚ ਹੀ ਹੋਸਟਲਾਂ ਦੀ ਅਲਾਟਮੈਂਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੈਕਟਰ 14 ਸਥਿਤ ਕੈਂਪਸ ਸਥਿਤ ਗਰਲਜ਼ ਹੋਸਟਲ ਨੰਬਰ 4 ਦੀ ਮੈੱਸ ਜਿਹੜੀ ਕਿ ਇਸ ਤੋਂ ਪਹਿਲਾਂ 14-ਕੈਂਪਸ ਸਥਿਤ ਗਰਲਜ਼ ਹੋਸਟਲਾਂ ਅਤੇ ਗਰਲਜ਼ ਹੋਸਟਲ ਨੰਬਰ 10 ਦੇ ਵਿਦਿਆਰਥੀਆਂ ਨੂੰ ਖਾਣਾ ਮੁਹੱਈਆ ਕਰਵਾਉਂਦੀ ਸੀ, ਉਹ ਫਿਲਹਾਲ ਉੱਤਰੀ ਕੈਂਪਸ ਦੇ ਹੋਸਟਲਾਂ ਨੂੰ ਵੀ ਖਾਣਾ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਲੜਕਿਆਂ ਦੇ ਹੋਸਟਲ ਨੰਬਰ 6 ਵਾਲੀ ਮੈੱਸ ਵੱਲੋਂ ਪੀਯੂ ਕੈਂਪਸ ਦੇ ਸਾਰੇ ਲੜਕਿਆਂ ਦੇ ਹੋਸਟਲਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਲਈ ਕਰਨ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ 21 ਜਨਵਰੀ ਨੂੰ ਪੀਯੂ ਰਿਸਰਚ ਸਕਾਲਰ ਐਸੋਸੀਏਸ਼ਨ ਵੱਲੋਂ ਉਪ-ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰ ਕੇ ਉਕਤ ਹੋਸਟਲ ਖੋਲ੍ਹਣ ਦੀ ਮੰਗ ਕੀਤੀ ਗਈ ਸੀ ਤੇ ਉਸ ਮਗਰੋਂ 4 ਫ਼ਰਵਰੀ ਨੂੰ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਵੀ ਉਪ-ਕੁਲਪਤੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਹੋਸਟਲ ਖੋਲ੍ਹਣ ਦੀ ਮੰਗ ਕੀਤੀ ਗਈ ਸੀ। ਵਿਦਿਆਰਥੀ ਸੰਘਰਸ਼ਾਂ ਦੇ ਚਲਦਿਆਂ ਅੱਜ ਪੀਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਇਹ ਮੰਗ ਪੂਰੀ ਕਰਨ ਵੱਲ ਪਹਿਲਾ ਕਦਮ ਪੁੱਟਿਆ।