ਕੁਲਦੀਪ ਸਿੰਘ
ਚੰਡੀਗੜ੍ਹ, 15 ਮਾਰਚ
ਵਿਦਿਆਰਥੀ ਜਥੇਬੰਦੀ ‘ਸੱਥ’ ਨੇ ਅੱਜ ਡੀਨ ਵਿਦਿਆਰਥੀ ਭਲਾਈ ਨੂੰ ਮੰਗ ਪੱਤਰ ਸੌਂਪਿਆ ਅਤੇ ਕਰੋਨਾ ਮਹਾਮਾਰੀ ਤੋਂ ਬਾਅਦ ਯੂਨੀਵਰਸਿਟੀ ਆ ਰਹੇ ਵਿਦਿਆਰਥੀਆਂ ਨੂੰ ਹੋਸਟਲ ਤੇ ਮੈੱਸ ਸਬੰਧੀ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਜ਼ਿਕਰਯੋਗ ਹੈ ਕਿ ਮੈੱਸ ਦੇ ਠੇਕੇਦਾਰ ਨੇ ਪ੍ਰਤੀ ਡਾਈਟ ਅੱਠ ਤੋਂ ਦਸ ਰੁਪਏ ਦਾ ਵਾਧਾ ਕੀਤਾ ਹੈ। ਇਸ ਤਰ੍ਹਾਂ ਹਰੇਕ ਵਿਦਿਆਰਥੀ ’ਤੇ ਲਗਪਗ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਧੂ ਬੋਝ ਪਵੇਗਾ। ਉਨ੍ਹਾਂ ਨੇ ਡੀਨ ਨੂੰ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ। ‘ਸੱਥ’ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ ਸ਼ੈਸ਼ਨਾਂ ਦੇ ਮੁਕਾਬਲੇ ਇਸ ਸੈਸ਼ਨ ਵਿੱਚ ਹੋਸਟਲ ਸੀਟਾਂ ਦੀ ਗਿਣਤੀ ਘਟੀ ਹੈ ਜਿਸ ਕਰਕੇ ਹੋਸਟਲ ਸੀਟਾਂ ਦੀ ਗਿਣਤੀ ਵਧਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਸੈਸ਼ਨ ਪਹਿਲਾਂ ਹੀ ਲੇਟ ਸ਼ੁਰੂ ਹੋਇਆ ਹੈ ਅਤੇ ਆਮ ਨਾਲੋਂ ਛੋਟਾ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਮੈੱਸ ਵਿੱਚ ਖਾਣੇ ਦੀਆਂ ਕੀਮਤਾਂ ਵਧਾਈਆਂ ਗਈਆਂ ਸਨ। ਡੀਨ ਵਿਦਿਆਰਥੀ ਭਲਾਈ ਨੇ ਹੋਸਟਲ ਸਬੰਧੀ ਸਮੱਸਿਆਵਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਵਿਦਿਆਰਥੀ ਆਗੂਆਂ ਦੀ ਮੈੱਸ ਦੇ ਠੇਕੇਦਾਰਾਂ ਨਾਲ ਮੀਟਿੰਗ ਕਰਵਾ ਕੇ ਵਧ ਕੀਮਤਾਂ ਦਾ ਮਾਮਲਾ ਸੁਲਝਾਉਣ ਦਾ ਭਰੋਸਾ ਦਿੱਤਾ।