ਕੁਲਦੀਪ ਸਿੰਘ
ਚੰਡੀਗੜ੍ਹ, 4 ਸਤੰਬਰ
ਪੰਜਾਬ ’ਵਰਸਿਟੀ ਨੂੰ ਵਿਦਿਆਰਥੀਆਂ ਲਈ ਖੋਲ੍ਹਣ ਅਤੇ ਸੈਨੇਟ ਦੀ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਦੀ ਤਰੀਕ ਐਲਾਨਣ ਦੀ ਮੰਗ ਲਈ ਵਿਦਿਆਰਥੀ ਜਥੇਬੰਦੀਆਂ ਅਤੇ ਰਵਿੰਦਰ ਸਿੰਘ ਧਾਲੀਵਾਲ ਵੱਲੋਂ ਸ਼ੁਰੂ ਕੀਤੇ ਗਏ ਦਿਨ-ਰਾਤ ਦੇ ਧਰਨੇ ਵਿੱਚ ਅੱਜ ਉਸ ਸਮੇਂ ਵੱਖਰੇਵਾਂ ਪੈਦਾ ਹੋ ਗਿਆ ਜਦੋਂ ਵਿਦਿਆਰਥੀਆਂ ਨੂੰ ਸੈਨੇਟ ਚੋਣ ਦੇ ਉਮੀਦਵਾਰ ਰਵਿੰਦਰ ਸਿੰਘ ਧਾਲੀਵਾਲ ਦੀ ਭਾਜਪਾ ਆਗੂ ਸੱਤਪਾਲ ਜੈਨ ਨਾਲ ਮੁਲਾਕਾਤ ਦਾ ਪਤਾ ਲੱਗਾ। ਜੁਆਇੰਟ ਐਕਸ਼ਨ ਕਮੇਟੀ ਨੇ ਕਿਹਾ ਕਿ ਭਾਜਪਾ ਆਗੂ ਸੱਤਪਾਲ ਜੈਨ ਪੀਯੂ ਸੈਨੇਟ ਚੋਣਾਂ ਦੀ ਤਰੀਕ ਨਿਯਤ ਕਰਵਾਉਣ ਲਈ ਕੋਈ ਅਥਾਰਿਟੀ ਨਹੀਂ ਹਨ। ਇਸ ਦੌਰਾਨ ਉਨ੍ਹਾਂ ਧਾਲੀਵਾਲ ਨਾਲੋਂ ਆਪਣਾ ਧਰਨਾ ਵੱਖਰਾ ਕਰ ਲਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਧਾਲੀਵਾਲ ਨਾਲ ਕੋਈ ਸਬੰਧ ਨਹੀਂ ਹੈ।
ਦੂਜੇ ਪਾਸੇ ਰਵਿੰਦਰ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਸੈਨੇਟ ਦੀ ਚੋਣ ਬਾਰੇ ਤਰੀਕ ਦਾ ਐਲਾਨ ਕਰਵਾਉਣ ਦੀ ਮੰਗ ਕਰ ਰਹੇ ਹਨ, ਭਾਵੇਂ ਕੋਈ ਵੀ ਆਗੂ ਜਾਂ ਅਧਿਕਾਰੀ ਚੋਣ ਦੀ ਤਰੀਕ ਦਾ ਐਲਾਨ ਕਰਵਾਉਂਦਾ ਹੈ ਤਾਂ ਉਸ ਵਿੱਚ ਕੁਝ ਵੀ ਗਲਤ ਨਹੀਂ।
ਬਹੁਜਨ ਸਮਾਜ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜੀ.ਐੱਸ. ਕੰਬੋਜ ਨੇ ਵੀ ਆਪਣੀ ਟੀਮ ਸਮੇਤ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਧਰਨੇ ਵਿੱਚ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਿਸ ਵੀ ਢੰਗ ਨਾਲ ਆਪਣੇ ਸੰਘਰਸ਼ ਦੀ ਯੋਜਨਾ ਬਣਾਉਣਗੇ, ਬਸਪਾ ਵੱਲੋਂ ਉਸ ਨੂੰ ਪੂਰਾ-ਪੂਰਾ ਸਮਰਥਨ ਦਿੱਤਾ ਜਾਵੇਗਾ।
ਕਿਸਾਨ ਆਗੂ ਚੜੂਨੀ ਨੇ ਧਰਨੇ ਵਿੱਚ ਕੀਤੀ ਸ਼ਿਰਕਤ
ਪੰਜਾਬ ਯੂਨੀਵਰਸਿਟੀ ਵਿੱਚ ਵੀਸੀ ਦਫ਼ਤਰ ਦੇ ਅੱਗੇ ਧਰਨਾ ਦੇ ਰਹੇ ਵਿਦਿਆਰਥੀ ਜਥੇਬੰਦੀਆਂ ਦੇ ਧਰਨੇ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਸੁਰਜੀਤ ਸਿੰਘ ਫੁੱਲ ਨੇ ਪਹੁੰਚ ਕੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਰਜਿਸਟਰਡ ਗਰੈਜੂਏਟ ਕਾਂਸਟੀਚੁਐਂਸੀ ਦੀ ਚੋਣ ਕਰਵਾ ਸੈਨੇਟ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।