ਪੱਤਰ ਪ੍ਰੇਰਕ
ਚੰਡੀਗੜ੍ਹ, 7 ਸਤੰਬਰ
ਪੰਜਾਬ ਯੂਨੀਵਰਸਿਟੀ ਵੱਲੋਂ ਅੰਡਰਗਰੈਜੂਏਟ ਤੇ ਪੋਸਟਗਰੈਜੂਏਟ ਕੋਰਸਾਂ ਦੀਆਂ 17 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਆਨਲਾਈਨ ਪ੍ਰੀਖਿਆਵਾਂ ਸਬੰਧੀ ਕੰਟਰੋਲਰ ਦਫ਼ਤਰ ਵੱਲੋਂ ਪ੍ਰਿੰਸੀਪਲਾਂ/ਚੀਫ਼ ਕੋਆਰਡੀਨੇਟਰਾਂ/ਕਾਲਜਾਂ ਦੇ ਕੰਟਰੋਲਰ ਪ੍ਰੀਖਿਆਵਾਂ ਨੂੰ ਯੂਨੀਵਰਸਿਟੀ ਦੀ ਵੈੱਬਸਾਈਟ/ਈਮੇਲ ਰਾਹੀਂ ਸਬੰਧਤ ਮੈਟੀਰੀਅਲ ਭੇਜਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਅੱਜ ਇਨ੍ਹਾਂ ਪ੍ਰੀਖਿਆਵਾਂ ਦੇ ਡਿਪਲੋਮਾ/ਵੋਕੇਸ਼ਨਲ ਆਦਿ ਕੋਰਸਾਂ ਦੀ ਡੇਟਸ਼ੀਟ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਅਪਲੋਡ ਕਰ ਦਿੱਤੀ ਗਈ ਹੈ।
ਯੂਨੀਵਰਸਿਟੀ ਵੱਲੋਂ ਸਾਰੇ ਐਫੀਲੀਏਟਿਡ ਕਾਲਜਾਂ ਤੇ ਪੀਯੂ ਦੇ ਵਿਭਾਗਾਂ ਦੇ ਪ੍ਰਿੰਸੀਪਲਾਂ ਨੂੰ ਪੱਤਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਤੋਂ ਘੱਟੋ-ਘੱਟ ਦੋ ਐਕਟਿਵ ਈਮੇਲ ਅਤੇ ਵੱਟਸਐਪ ਵਾਲੇ ਮੋਬਾਈਲ ਫੋਨ ਨੰਬਰ ਮੰਗੇ ਗਏ ਹਨ ਅਤੇ ਸਬੰਧਤ ਸੰਸਥਾ ਦੇ ਦੋ ਸੀਨੀਅਰ ਫੈਕਲਟੀ ਮੈਂਬਰਾਂ ਦੇ ਨਾਂ ਅਤੇ ਫੋਨ ਨੰਬਰ ਮੰਗੇ ਗਏ ਹਨ ਜਿਹੜੇ ਕਿ ਫਾਈਨਲ ਸਮੈਸਟਰ ਪ੍ਰੀਖਿਆਵਾਂ ਕਰਵਾਉਣ ਲਈ ਸ਼ਾਮਿਲ ਹੋਣਗੇ।
ਇਹ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਲਈ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਜਾ ਰਹੇ ਹਨ। ਪ੍ਰੀਖਿਆਵਾਂ ਕਰਵਾਉਣ ਵਾਲੇ ਪ੍ਰੀਖਿਅਕਾਂ ਨੂੰ ਪ੍ਰੀਖਿਆਵਾਂ ਸਬੰਧੀ ਕੰਮਕਾਜ 6 ਅਕਤੂਬਰ ਤੱਕ ਨਿਪਟਾਉਣ ਲਈ ਕਿਹਾ ਗਿਆ ਹੈ ਤਾਂ ਜੋ ਪ੍ਰੀਖਿਆਰਥੀਆਂ ਨੂੰ ਆਨਲਾਈਨ ਐਵਾਰਡ ਦਿੱਤੇ ਜਾਣ ਅਤੇ ਉਨ੍ਹਾਂ ਦੀਆਂ ਸਕੈਨ ਕਾਪੀਆਂ ਐਵਾਰਡ ਸੈਕਸ਼ਨ ਨੂੰ ਈਮੇਲ ਰਾਹੀਂ ਭੇਜੀਆਂ ਜਾ ਸਕਣ। ਪ੍ਰਾਈਵੇਟ/ਯੂਸੋਲ/ਰੀ-ਅਪੀਅਰ ਵਾਲੇ ਪ੍ਰੀਖਿਆਰਥੀਆਂ ਨੂੰ ਐਵਾਰਡ ਵੱਖਰੇ ਤੌਰ ’ਤੇ ਭੇਜੇ ਜਾਣਗੇ।