ਆਤਿਸ਼ ਗੁਪਤਾ
ਚੰਡੀਗੜ੍ਹ, 1 ਸਤੰਬਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਲੰਘੇ ਦਿਨ ਸਟੂਡੈਂਟਸ ਸੈਂਟਰ ਵਿਖੇ ਧਰਨੇ ’ਤੇ ਬੈਠੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਅਤੇ ਏਬੀਵੀਪੀ ਦੇ ਆਗੂਆਂ ਵਿਚਾਲੇ ਝੜਪ ਹੋ ਗਈ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਕਾਂਗਰਸੀ ਕੌਂਸਲਰ ਸਚਿਨ ਗਾਲਵ ਸਣੇ ਐੱਨਐੱਸਯੂਆਈ ਦੇ 9 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਨਾਮਜ਼ਦ ਰਾਹੁਲ ਕੁਮਾਰ, ਉਜਾਗਰ, ਸਿਕੰਦਰ, ਸਰਵੋਤਮ ਰਾਣਾ, ਮੁਕੂਲ ਚੌਹਾਨ, ਅਨੁਰਾਗ ਅਤੇ ਦੋ ਹੋਰਨਾਂ ਦੇ ਨਾਮ ਸ਼ਾਮਲ ਹਨ। ਇਹ ਕਾਰਵਾਈ ਥਾਣਾ ਸੈਕਟਰ-11 ਦੀ ਪੁਲੀਸ ਨੇ ਪੀਯੂ ਦੇ ਸੁਰੱਖਿਆ ਚੀਫ਼ ਵਿਕਰਮ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਹੈ। ਜਿਨ੍ਹਾਂ ਨੇ ਕਾਂਗਰਸੀ ਕੌਂਸਲਰ ਸਚਿਨ ਗਾਲਵ ਸਣੇ ਐੱਨਐੱਸਯੂਆਈ ਦੇ 9 ਮੈਂਬਰਾਂ ਖ਼ਿਲਾਫ਼ ਧਾਰਾ 323, 341 ਅਤੇ 34 ਤਹਿਤ ਕੇਸ ਦਰਜ ਕਰ ਦਿੱਤਾ ਹੈ।ਚੰਡੀਗੜ੍ਹ ਕਾਂਗਰਸ ਨੇ ਪੁਲੀਸ ਵੱਲੋਂ ਐੱਨਐੱਸਯੂਆਈ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਨ ’ਤੇ ਸੈਕਟਰ-35 ਸਥਿਤ ਕਾਂਗਰਸ ਭਵਨ ਵਿਖੇ ਮੀਟਿੰਗ ਕੀਤੀ, ਜਿਨ੍ਹਾਂ ਨੇ ਪੀਯੂ ਦੇ ਵਾਈਸ ਚਾਂਸਲਰ ਅਤੇ ਚੰਡੀਗੜ੍ਹ ਪੁਲੀਸ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਪੀਯੂ ਪ੍ਰਸ਼ਾਸਨ ਅਤੇ ਪੁਲੀਸ ਦੀ ਕਾਰਵਾਈ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਐੱਨਐੱਸਯੂਆਈ ਦੇ ਮੈਂਬਰ ਪੀਯੂ ਦੀ ਹੋਸਟਲ ਵਾਰਡਨ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਪੁਲੀਸ ਨੇ ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਐੱਨਐੱਸਯੂਆਈ ਦੇ ਆਗੂ ਅਤੇ ਲਾਅ ਵਿਭਾਗ ਦੇ ਵਿਦਿਆਰਥੀ ਸਚਿਨ ਗਾਲਵ ਨਾਲ ਮਾਰਕੁੱਟ ਕੀਤੀ ਅਤੇ ਵਾਲਾਂ ਤੋਂ ਖਿੱਚਦੇ ਹੋਏ ਦੁਰਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਐੱਨਐੱਸਯੂਆਈ ਦੇ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਪਰ ਏਬੀਵੀਪੀ ਦੇ ਕਿਸੇ ਮੈਂਬਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਚੰਡੀਗੜ੍ਹ ਕਾਂਗਰਸ ਨੇ ਉਕਤ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਵਫ਼ਦ ਜਲਦ ਹੀ ਚੰਡੀਗੜ੍ਹ ਦੇ ਡੀਜੀਪੀ ਅਤੇ ਐੱਸਐੱਸਪੀ ਨਾਲ ਮੁਲਾਕਾਤ ਕਰੇਗਾ ਅਤੇ ਕਸੂਰਵਾਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰੇਗੀ। ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਜੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਤਾਂ ਕਾਂਗਰਸ ਪਾਰਟੀ ਪੀਯੂ ਦੇ ਵਾਈਸ ਚਾਂਸਲਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ।
‘ਪੁੂਟਾ’ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਪੁਲਸੀਆ ਕਹਿਰ ਦੀ ਨਿੰਦਾ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਵਿਖੇ ਗਰਲਜ਼ ਹੋਸਟਲ ਦੀ ਵਾਰਡਨ ਖਿਲਾਫ਼ ਲੋਕਤੰਤਰਿਕ ਢੰਗ ਨਾਲ ਧਰਨਾ ਦੇ ਰਹੇ ਐਨ.ਐਸ.ਯੂ.ਆਈ. ਜਥੇਬੰਦੀ ਦੇ ਵਿਦਿਆਰਥੀ ਆਗੂਆਂ ਦੀ ਚੰਡੀਗੜ੍ਹ ਪੁਲੀਸ ਵੱਲੋਂ ਕੀਤੀ ਗਈ ਖਿੱਚ-ਧੂਹ ਦੀ ਪੰਜਾਬ ਯੂਟੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਇਸੇ ਸਬੰਧ ਵਿੱਚ ਪੂਟਾ ਵੱਲੋਂ ਵਾਈਸ ਚਾਂਸਲਰ ਨੂੰ ਲਿਖਤੀ ਪੱਤਰ ਵੀ ਭੇਜਿਆ ਗਿਆ ਹੈ। ਪੂਟਾ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਅਤੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਦੱਸਿਆ ਕਿ ਵਾਈਸ ਚਾਂਸਲਰ ਨੂੰ ਭੇਜੇ ਗਏ ਪੱਤਰ ਵਿੱਚ ਉਕਤ ਘਟਨਾ ਦੀ ਨਿੰਦਾ ਕੀਤੀ ਗਈ ਹੈ ਅਤੇ ਇਸ ਵਿਰਾਸਤੀ ਯੂਨੀਵਰਸਿਟੀ ਦੀ ਆਨ ਤੇ ਸ਼ਾਨ ਨੂੰ ਬਹਾਲ ਰੱਖਣ ਲਈ ਅਜਿਹੀਆਂ ਘਟੀਆ ਅਤੇ ਸ਼ਰਮਨਾਕ ਕਾਰਵਾਈਆਂ ਉਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਵਿਦਿਆਰਥੀਆਂ ਦੀ ਅਵਾਜ਼ ਨੂੰ ਅਥਾਰਿਟੀ ਵੱਲੋਂ ਪੁਲਸੀਆ ਡੰਡੇ ਨਾਲ ਦਬਾਉਣਾ ਬਹੁਤ ਹੀ ਸ਼ਰਮਨਾਕ ਹੈ।