ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਈ
ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੋਸਟਲਾਂ ਵਿੱਚ ਰਹਿ ਰਹੇ ਵਿਦਿਆਰਥੀਆਂ ਅਤੇ ਸਟਾਫ਼ ਦੀ ਕੋਵਿਡ ਟੈਸਟਿੰਗ ਦੌਰਾਨ ਕੁਝ ਵਿਦਿਆਰਥੀਆਂ ਉੱਤੇ ਸਹਿਯੋਗ ਨਾ ਦੇਣ ਦੇ ਦੋਸ਼ ਲਗਾਏ ਗਏ ਹਨ।
’ਵਰਸਿਟੀ ਪ੍ਰਸ਼ਾਸਨ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਕ ਅੱਜ ਯੂ.ਟੀ. ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੀ.ਯੂ. ਦੇ ਗਰਲਜ਼ ਹੋਸਟਲ ਨੰਬਰ 1 ਅਤੇ 2 ਦਾ ਦੌਰਾ ਕੀਤਾ ਗਿਆ ਜਿੱਥੇ ਉਨ੍ਹਾਂ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਕੋਵਿਡ ਟੈਸਟ ਕਰਨੇ ਸਨ। ਡੀ.ਐਸ.ਡਬਲਿਯੂ. ਦਫ਼ਤਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੀ ਟੀਮ ਉਕਤ ਹੋਸਟਲਾਂ ਉਤੇ ਪਹੁੰਚਣ ਦੌਰਾਨ ਕੁਝ ਵਿਦਿਆਰਥੀ ਆਗੂਆਂ ਵੱਲੋਂ ਟੈਸਟਿੰਗ ਵਿੱਚ ਸਹਿਯੋਗ ਨਾ ਦਿੰਦਿਆਂ ਹੋਸਟਲ ਸਾਹਮਣੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਕਾਰਨ ਮੌਕੇ ’ਤੇ ਪੁਲੀਸ ਵੀ ਬੁਲਾਈ ਗਈ।
ਇਸ ਦੌਰਾਨ ਗਰਲਜ਼ ਹੋਸਟਲ ਨੰਬਰ 1 ਤੋਂ 34 ਵਿਦਿਆਰਥੀਆਂ ਵਿੱਚੋਂ ਸਿਰਫ਼ 3 ਵਿਦਿਆਰਥੀਆਂ ਅਤੇ 17 ਸਟਾਫ਼ ਮੈਂਬਰਾਂ ਨੇ ਕੋਵਿਡ ਟੈਸਟ ਕਰਵਾਏ ਜਦਕਿ ਹੋਸਟਲ ਨੰਬਰ 2 ਵਿੱਚੋਂ 13 ਸਟਾਫ਼ ਮੈਂਬਰਾਂ ਨੇ ਟੈਸਟ ਕਰਵਾਏ। ਬਾਅਦ ਵਿੱਚ ਵਿਦਿਆਰਥੀਆਂ ਵੱਲੋਂ ਵਾਰਡਨਾਂ ਨੂੰ ਫੋਨਾਂ ਉਤੇ ਧਮਕਾਇਆ ਵੀ ਗਿਆ ਕਿ ਵਿਦਿਆਰਥੀਆਂ ਨੂੰ ਹੋਸਟਲ ਖਾਲੀ ਕਰਨ ਲਈ ਫੋਨਾਂ ਉਤੇ ਕਾਊਂਸਲਿੰਗ ਨਾ ਕੀਤੀ ਜਾਵੇ। ਦੂਜੇ ਪਾਸੇ ਵਿਦਿਆਰਥੀ ਆਗੂਆਂ ਨੇ ਦੋਸ਼ ਨਕਾਰਦਿਆਂ ਕਿਹਾ ਕਿ ਕੋਵਿਡ ਟੈਸਟ ਕਰਵਾਉਣਾ ਜਾਂ ਨਾ ਕਰਵਾਉਣਾ, ਹਰੇਕ ਵਿਦਿਆਰਥੀ ਦੀ ਸਵੈ ਇੱਛਾ ਹੈ।