ਕੁਲਦੀਪ ਸਿੰਘ
ਚੰਡੀਗੜ੍ਹ, 18 ਜਨਵਰੀ
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਲਈ ਕਰੋਨਾ ਮਹਾਮਾਰੀ ਦੀ ਆੜ ਹੇਠ ਲਾਇਬ੍ਰੇਰੀ ਬੰਦ ਕਰਨ ਦਾ ਨੋਟਿਸ ਅਥਾਰਟੀ ਨੇ ਅੱਜ ਵਾਪਸ ਲੈ ਲਿਆ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਲਾਇਬ੍ਰੇਰੀ ਖੋਲ੍ਹਣ ਦਾ ਨੋਟਿਸ ਚਿਪਕਾ ਦਿੱਤਾ ਗਿਆ। ਇਸ ਮਗਰੋਂ ਵਿਦਿਆਰਥੀਆਂ ਵੱਲੋਂ 11 ਵਜੇ ਸ਼ੁਰੂ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ।
ਪ੍ਰਦਰਸ਼ਨ ਲਈ ਇਕੱਤਰ ਹੋਏ ਪੀ.ਐੱਸ.ਯੂ. (ਲਲਕਾਰ) ਤੋਂ ਅਮਨਦੀਪ ਕੌਰ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਐੱਸ.ਓ.ਆਈ. ਤੋਂ ਮਨਜੋਧ ਪੱਡਾ, ਪੰਜਾਬ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਤੋਂ ਪਰਮ ਆਦਿ ਨੇ ਕਿਹਾ ਕਿ ਪੀ.ਯੂ. ਅਥਾਰਟੀ ਜਾਣ-ਬੁੱਝ ਕੇ ਕਰੋਨਾ ਮਹਾਮਾਰੀ ਦੀ ਆੜ ਵਿੱਚ ਵਿਦਿਆਰਥੀਆਂ ਦਾ ਭਵਿੱਖ ਖਰਾਬ ਕਰਨ ’ਤੇ ਤੁਲੀ ਹੋਈ ਹੈ। ਬੀਤੇ ਦਿਨ ਅਥਾਰਟੀ ਨੇ ਕਰੋਨਾ ਦੀ ਆੜ ਹੇਠ ਚਾਰ ਦਿਨਾਂ ਲਈ ਏ.ਸੀ. ਜੋਸ਼ੀ ਲਾਇਬ੍ਰੇਰੀ ਬੰਦ ਕਰਨ ਦਾ ਨੋਟਿਸ ਚਿਪਕਾ ਦਿੱਤਾ ਸੀ ਜਿਸ ਦੌਰਾਨ ਵਿਦਿਆਰਥੀਆਂ ਨੂੰ ਪੈਦਲ ਰੋਸ ਮਾਰਚ ਕਰਨਾ ਪਿਆ। ਅੱਜ ਮੰਗਲਵਾਰ ਨੂੰ ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ ਅੱਗੇ ਫਿਰ ਤੋਂ ਰੋਸ ਪ੍ਰਦਰਸ਼ਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਉਂ ਹੀ ਅੱਜ ਸਵੇਰੇ ਵਿਦਿਆਰਥੀ ਲਾਇਬ੍ਰੇਰੀ ਦੇ ਅੱਗੇ ਇਕੱਠੇ ਹੋਏ ਤਾਂ ਅਥਾਰਟੀ ਨੇ 11 ਵਜੇ ਤੋਂ ਪਹਿਲਾਂ-ਪਹਿਲਾਂ ਲਾਇਬ੍ਰੇਰੀ ਖੋਲ੍ਹਣ ਦਾ ਨੋਟਿਸ ਚਿਪਕਾ ਦਿੱਤਾ।
ਵਿਦਿਆਰਥੀਆਂ ਨੇ ਪੂਰੀ ਤਸੱਲੀ ਹੋਣ ਉਪਰੰਤ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਅਤੇ ਵਿਦਿਆਰਥੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਆਪਣੀ ਜਿੱਤ ਦਾ ਪ੍ਰਗਟਾਵਾ ਕੀਤਾ।