ਕੁਲਦੀਪ ਸਿੰਘ
ਚੰਡੀਗੜ੍ਹ, 22 ਅਪਰੈਲ
ਪੰਜਾਬ ’ਵਰਸਿਟੀ ਵਿੱਚ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਜਿਹੜੇ ਕਿ ਪੀਯੂ ਦੇ ਚਾਂਸਲਰ ਵੀ ਹਨ, ਦੀ ਆਮਦ ’ਤੇ ਵਿਦਿਆਰਥੀ ਸੰਘਰਸ਼ਾਂ ਕਰ ਕੇ ਪ੍ਰੇਸ਼ਾਨ ਚੱਲ ਰਹੀ ਪੀਯੂ ਅਥਾਰਿਟੀ ਨੇ ਅੱਜ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ ਵਿਦਿਆਰਥੀਆਂ ਨੇ ਅਥਾਰਿਟੀ ਵੱਲੋਂ ਖਾਣੇ ਦੇ ਘਟਾਏ ਰੇਟ ਉਪਰੰਤ ਵਾਈਸ ਚਾਂਸਲਰ ਦਫ਼ਤਰ ਦੇ ਬਾਹਰੋਂ ਸੰਘਰਸ਼ ਸਮਾਪਤ ਕਰਨ ਦੀ ਸ਼ਾਹਦੀ ਭਰ ਦਿੱਤੀ।
ਦੱਸਣਯੋਗ ਹੈ ਕਿ ਪੀਯੂ ਦੇ ਹੋਸਟਲਾਂ ਦੀਆਂ ਮੈੱਸਾਂ ਤੇ ਕੰਟੀਨਾਂ ਵਿੱਚ ਖਾਣੇ ਦੇ ਰੇਟ ਘੱਟ ਕਰਵਾਉਣ, ਹੋਸਟਲ ਅਲਾਟਮੈਂਟ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਨਲਾਈਨ ਪੋਰਟਲ ਚਾਲੂ ਕਰਨ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪਿਛਲੇ ਲਗਭਗ ਇੱਕ ਮਹੀਨੇ ਤੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ। ਇਸ ’ਤੇ ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂਆਂ ਨੂੰ ਅਥਾਰਿਟੀ ਵੱਲੋਂ ਧਮਕੀ ਭਰੇ ਨੋਟਿਸ ਵੀ ਕੱਢੇ ਗਏ ਸਨ।
ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਸੰਘਰਸ਼ ਕਰ ਰਹੀਆਂ ਵਿਦਿਆਰਥੀ ਜਥੇਬੰਦੀਆਂ ਵਿੱਚੋਂ ‘ਸੱਥ’ ਦੇ ਆਗੂਆਂ ਸੁਖਵਿੰਦਰ ਸਿੰਘ, ਹਰਮਨ, ਐਸਐਫਐਸ ਤੋਂ ਸੰਦੀਪ, ਪੀਐਸਯੂ (ਲਲਕਾਰ) ਤੋਂ ਅਮਨਦੀਪ ਸਿੰਘ, ਅਮਨਦੀਪ ਕੌਰ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅੱਜ ਡੀਐਸਡਬਲਿਯੂ (ਲੜਕੇ) ਜਗਤਾਰ ਸਿੰਘ ਸਣੇ ਅਥਾਰਿਟੀ ਦੇ ਕਈ ਉੱਚ ਅਧਿਕਾਰੀ ਤੇ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਅਤੇ ਐਸਐਚਓ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ। ਇਸ ਫ਼ੈਸਲਾ ਹੋਇਆ ਕਿ ਮੈਸਾਂ ਤੇ ਕੰਟੀਨਾਂ ਵਿੱਚ ਖਾਣੇ ਦੇ ਰੇਟ ਘੱਟ ਕੀਤੇ ਜਾਣਗੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅਥਾਰਿਟੀ ਦੇ ਹੁਕਮਾਂ ਦੀ ਕਾਪੀ ਮਿਲਣ ਉਪਰੰਤ ਤੰਬੂ ਹਟਾ ਦਿੱਤੇ ਜਾਣਗੇ।