ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 8 ਅਗਸਤ
ਪੰਜਾਬ ਸਰਕਾਰ ਵੱਲੋਂ ਪ੍ਰਾਪਰਟੀ ਦੀ ਰਜਿਸਟਰੀ ’ਚ ਐੱਨਓਸੀ ਦੀ ਸ਼ਰਤ ਖ਼ਿਲਾਫ਼ ਅੱਜ ਸ਼ਹਿਰ ਦੇ ਪ੍ਰਾਪਰਟੀ ਡੀਲਰਾਂ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਜ਼ਹਰਾਕਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਨਵੇਂ ਰੁਜ਼ਗਾਰ ਦੇਣ ਦੀ ਥਾਂ ਪੁਰਾਣੇ ਕਾਰੋਬਾਰ ਖੋਹਣ ’ਤੇ ਤੁਲੀ ਹੋਈ ਹੈ। ਮੁਜ਼ਹਰਾਕਾਰੀਆਂ ਨੇ ਪੰਜਾਬ ਸਰਕਾਰ ਤੋਂ ਐੱਨਓਸੀ ਦੀ ਸ਼ਰਤ ਖ਼ਤਮ ਕਰਨ ਦੀ ਮੰਗ ਕੀਤੀ। ਇਸ ਮੌਕੇ ਤਹਿਸੀਲ ਕੰਪਲੈਕਸ ਵਿੱਚ ਜਾਣਕਾਰੀ ਦਿੰਦੇ ਮੁਜ਼ਹਰਾਕਾਰੀ ਵਿਮਲ ਚੋਪੜਾ, ਸਿਮਰਨ ਸਿੰਘ ਵਿੱਕੀ ਕਾਲਰਾ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਮੋਹਨ ਸੈਣੀ, ਰਜਿੰਦਰ ਸਿੰਘ ਬੱਗਾ, ਵਿਜੈ ਹੈਬਤਪੁਰ, ਸੁਨੀਲ ਸੈਣੀ, ਸੋਨੂੰ ਗੁੱਜਰ ਨੇ ਦੱਸਿਆ ਰਜਿਸਟਰੀਆਂ ਬੰਦ ਹੋਣ ਨਾਲ ਲੋਕਾਂ ਦਾ ਕਾਰੋਬਾਰ ਪੂਰੀ ਤਰਾਂ ਠੱਪ ਹੋ ਗਿਆ ਹੈ।ਇਸ ਮੌਕੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਮੁਜ਼ਹਰਾਕਾਰੀਆਂ ਦੀ ਸਾਰੀ ਮੰਗਾਂ ਨੂੰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਭੇਜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ’ਤੇ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਰਿਹਾ ਹੈ।
ਪ੍ਰਾਪਰਟੀ ਡੀਲਰਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਬਨੂੜ (ਪੱਤਰ ਪ੍ਰੇਰਕ): ਖੇਤਰ ਦੇ ਪ੍ਰਾਪਰਟੀ ਡੀਲਰਾਂ ਤੇ ਰੀਅਲ ਅਸਟੇਟ ਦੇ ਕਾਰੋਬਾਰੀਆਂ ਨੇ ਅੱਜ ਇੱਥੋਂ ਦੇ ਸਬ ਤਹਿਸੀਲ ਕੰਪਲੈਕਸ ’ਚ ਰੋਸ ਮੁਜ਼ਾਹਿਰਾ ਕੀਤਾ। ਇਸ ਮੌਕੇ ਉਨ੍ਹਾਂ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਦਾ ਮੰਗ ਪੱਤਰ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਪ੍ਰਾਪਰਟੀ ਡੀਲਰਾਂ ਉੱਤੇ ਦਰਜ ਕੀਤੇ ਜਾ ਰਹੇ ਪਰਚੇ ਰੱਦ ਕੀਤੇ ਜਾਣ, ਕੁਲੈਕਟਰ ਰੇਟਾਂ ਦਾ ਵਾਧਾ ਵਾਪਿਸ ਲਿਆ ਜਾਵੇ, ਬੰਦ ਕੀਤੀਆਂ ਰਜਿਸਟਰੀਆਂ ਚਾਲੂ ਕੀਤੀਆਂ ਜਾਣ, ਐਨਓਸੀ ਦਾ ਸਮਾਂ ਸੀਮਾ ਤੈਅ ਕੀਤਾ ਜਾਵੇ, ਅਣਅਧਿਕਾਰਿਤ ਕਾਲੋਨੀਆਂ ਤੋਂ ਬਾਹਰਲੀਆਂ ਪ੍ਰਾਪਰਟੀਆਂ ਉੱਤੇ ਲਗਾਈ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਵੇ।