ਕਰਮਜੀਤ ਸਿੰਘ ਚਿੱਲਾ
ਐਸ.ਏ.ਐੱਸ. ਨਗਰ (ਮੁਹਾਲੀ), 10 ਅਕਤੂਬਰ
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਅਤੇ ਪਰਚਾ ਦਰਜ ਕਰਨ ਦੀ ਮੰਗ ਲਈ ਕਾਂਗਰਸ ਪਾਰਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਮੁਹਾਲੀ, ਖਰੜ, ਡੇਰਾਬਸੀ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਵਰਕਰ ਪਹੁੰਚੇ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਐੱਸਡੀਐੱਮ ਸਰਵਜੀਤ ਕੌਰ ਨੇ ਧਰਨੇ ਵਿੱਚ ਪਹੁੰਚ ਕੇ ਪੰਜਾਬ ਦੇ ਰਾਜਪਾਲ ਨੂੰ ਭੇਜਿਆ ਜਾਣ ਵਾਲਾ ਮੰਗ ਪੱਤਰ ਹਾਸਲ ਕੀਤਾ।
ਬੁਲਾਰਿਆਂ ਕਿਹਾ,‘ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਓਐੱਸਡੀ ਵੱਲੋਂ ਭ੍ਰਿਸ਼ਟਾਚਾਰ ਦੀ ਗਵਾਹੀ ਭਰਦੀ ਆਡੀਓ ਕਲਿੱਪ ਲੀਕ ਕੀਤੀ ਹੋਵੇ ਅਤੇ ਮੰਤਰੀ ਵੱਲੋਂ ਇਹ ਪ੍ਰਵਾਨ ਕੀਤਾ ਗਿਆ ਹੋਵੇ ਕਿ ਇਹ ਮੇਰੀ ਆਵਾਜ਼ ਹੈ, ਇਸ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣਾ ਭ੍ਰਿਸ਼ਟਾਚਾਰ ਦੀ ਪੁਸ਼ਤ ਪਨਾਹੀ ਕਰਨਾ ਹੈ।’ ਕਾਂਗਰਸੀ ਕਾਰਕੁਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਉਸ ਉੱਤੇ ਪਰਚਾ ਦਰਜ ਨਾ ਕੀਤਾ ਤਾਂ ਕਾਂਗਰਸ ਵੱਡਾ ਸੰਘਰਸ਼ ਵਿੱਢੇਗੀ। ਧਰਨੇ ਨੂੰ ਮੁਹਾਲੀ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਜਸਪ੍ਰੀਤ ਸਿੰਘ ਗਿੱਲ, ਵਿਜੇ ਕੁਮਾਰ ਟਿੰਕੂ, ਕਮਲ ਕਿਸ਼ੋਰ ਕਾਲਾ, ਉਦੈਵੀਰ ਸਿੰਘ ਢਿਲੋਂ, ਨਰਪਿੰਦਰ ਸਿੰਘ ਰੰਗੀ, ਚਾਚਾ ਚਮਨ ਲਾਲ, ਅਜੈਬ ਸਿੰਘ ਬਾਕਰਪੁਰ, ਰਾਜਿੰਦਰ ਸਿੰਘ ਧਰਮਗੜ੍ਹ, ਗੌਰਵ ਜੈਨ, ਗੁਰਸ਼ਰਨ ਸਿੰਘ ਰਿਆੜ, ਕੌਂਸਲਰ ਜਸਬੀਰ ਸਿੰਘ ਮਣਕੂ, ਪ੍ਰਮੋਦ ਮਿੱਤਰਾ, ਗੁਰਮੀਤ ਸਿੰਘ ਸਿਆਣ, ਸੁੱਚਾ ਸਿੰਘ ਕਲੌੜ, ਨਵਜੋਤ ਸਿੰਘ ਬਾਛਲ, ਜਸਕੀਰਤ ਸਿੰਘ ਪਡਿਆਲਾ ਆਦਿ ਨੇ ਸੰਬੋਧਨ ਕੀਤਾ।
ਫਤਹਿਗੜ੍ਹ ਸਾਹਿਬ (ਹਿਮਾਂਸ਼ੂ ਸੂਦ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੱਦੇ ’ਤੇ ਅੱਜ ਫਤਹਿਗੜ੍ਹ ਸਾਹਿਬ ਹਲਕੇ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਬਸੀ ਪਠਾਣਾਂ ਹਲਕੇ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਕੰਪਲੈਕਸ ਅੱਗੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਲਈ ਜ਼ਿਲ੍ਹਾ ਕਾਂਗਰਸ ਦੇ ਵਰਕਰਾਂ ਵੱਲੋਂ ਇੱਕ ਧਰਨਾ ਦਿੱਤਾ ਗਿਆ। ਇਸ ਮਗਰੋਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।