ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਸਤੰਬਰ
ਸੀਬੀਐੱਸਈ ਵੱਲੋਂ ਦਸਵੀਂ ਜਮਾਤ ਦੇ ਕੰਪਾਰਟਮੈਂਟ ਦੇ ਨਤੀਜੇ ਦੇ ਐਲਾਨ ਤੋਂ ਬਾਅਦ ਯੂਟੀ ਦੇ ਸਿੱਖਿਆ ਵਿਭਾਗ ਨੇ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ ਦੂਜੀ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਸ ਨਤੀਜੇ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਦਾਖਲ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕੰਪਾਰਟਮੈਂਟ ਨਤੀਜੇ ਵਿੱਚ ਪਾਸ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਅੱਜ ਡੀਈਓ ਦਫ਼ਤਰ ਸੈਕਟਰ 19 ਵਿੱਚ ਰੋਸ ਪ੍ਰਗਟਾਇਆ। ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 42 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਦੀਆਂ 13570 ਸੀਟਾਂ ਹਨ ਜਿਸ ਲਈ 11385 ਵਿਦਿਆਰਥੀਆਂ ਦੇ ਦਾਖਲੇ ਹੋ ਗਏ ਹਨ ਤੇ 2185 ਸੀਟਾਂ ਖਾਲੀ ਰਹਿ ਗਈਆਂ ਹਨ ਜਿਸ ਲਈ ਦੂਜੀ ਕਾਊਂਸਲਿੰਗ ਵਿਚ ਦਾਖਲੇ ਹੋਣੇ ਹਨ। ਡੀਈਓ ਦਫ਼ਤਰ ਵਿੱਚ ਆਏ ਮਾਪਿਆਂ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨੂੰ ਮਿਲੇ ਸਨ ਜਿਨ੍ਹਾਂ ਦਾਖ਼ਲੇ ਦੇਣ ਦੀ ਥਾਂ ਇਹੋ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਦੀ ਥਾਂ ਨਿੱਜੀ ਸਕੂਲਾਂ ਵਿੱਚ ਦਾਖ਼ਲ ਕਰਵਾ ਦੇਣ।
ਪ੍ਰਾਸਪੈਕਟਸ ’ਚ ਸਪੱਸ਼ਟ ਦਿੱਤੀਆਂ ਗਈਆਂ ਸਨ ਹਦਾਇਤਾਂ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਗਿਆਰ੍ਹਵੀਂ ਦੇੇ ਪ੍ਰਾਸਪੈਕਟਸ ਵਿੱਚ ਸਪੱਸ਼ਟ ਲਿਖਿਆ ਸੀ ਕਿ ਇਨ੍ਹਾਂ ਦਾਖਲਿਆਂ ਲਈ ਜਿਹੜੇ ਵਿਦਿਆਰਥੀ ਪਹਿਲੀ ਕਾਊਂਸਲਿੰਗ ਵਿੱਚ ਅਪਲਾਈ ਨਹੀਂ ਕਰਨਗੇ, ਉਨ੍ਹਾਂ ਨੂੰ ਦੂਜੀ ਕਾਊਂਸਲਿੰਗ ਵਿੱਚ ਵਿਚਾਰਿਆ ਨਹੀਂ ਜਾਵੇਗਾ।