ਪੱਤਰ ਪ੍ਰੇਰਕ
ਚੰਡੀਗੜ੍ਹ, 29 ਨਵੰਬਰ
ਸੀਟੀਯੂ ਅਦਾਰੇ ਨੂੰ ਕਿਲੋਮੀਟਰ ਸਕੀਮ ਅਧੀਨ ਬੱਸਾਂ ਨੂੰ ਵਿਭਾਗ ਵਿਚ ਸ਼ਾਮਿਲ ਕਰਨ ਲਈ ਚਲਾਈ ਜਾ ਰਹੀ ਟੈਂਡਰ ਪ੍ਰਕਿਰਿਆ ਪ੍ਰੀ-ਬਿੱਡ ਅੱਜ ਉਸ ਵੇਲੇ ਰੋਕਣੀ ਪੈ ਗਈ ਜਦੋਂ ਸੀ.ਟੀ.ਯੂ. ਵਰਕਰਜ਼ ਯੂਨੀਅਨ ਨਾਲ ਕੁਝ ਕਿਸਾਨਾਂ ਤੇ ਵਿਦਿਆਰਥੀ ਜਥੇਬੰਦੀਆਂ, ਯੂ.ਟੀ. ਚੰਡੀਗੜ੍ਹ ਦੀਆਂ ਹੋਰਨਾਂ ਮੁਲਾਜ਼ਮ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਸੈਕਟਰ 43 ਬੱਸ ਅੱਡੇ ਵਿੱਚ ਰੋਸ ਰੈਲੀ ਕੀਤੀ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪ੍ਰੀ-ਬਿੱਡ ਮੀਟਿੰਗ ਨੂੰ ਰੱਦ ਕਰਨ ਦੀ ਮੰਗ ਕੀਤੀ। ਮੀਟਿੰਗ ਵਿੱਚ ਚੰਡੀਗੜ੍ਹ ਦੇ ਸੰਯੁਕਤ ਕਰਮਚਾਰੀ ਮੋਰਚੇ ਦੀ ਲੀਡਰਸ਼ਿਪ, ਆਲ ਕਰਮਚਾਰੀ ਸੰਘ ਏਟਕ ਤੇ ਇੰਟਕ, ਸੰਯੁਕਤ ਕਿਸਾਨ ਮੋਰਚਾ ਯੂ.ਟੀ. ਐਸ.ਐਸ. ਫੈਡਰੇਸ਼ਨ, ਅਨ-ਰਿਵਾਈਜ਼ਡ ਅਤੇ ਪਾਰਸ਼ਲੀ ਰਿਵਾਈਜ਼ਡ ਫਰੰਟ ਪੰਜਾਬ, ਪੀ.ਆਰ.ਟੀ.ਸੀ. ਯੂਨੀਅਨ, ਕੋਆਰਡੀਨੇਸ਼ਨ ਕਮੇਟੀ ਆਫ਼ ਯੂ.ਟੀ. ਚੰਡੀਗੜ੍ਹ ਐਂਪਲਾਈਜ਼, ਨੌਜਵਾਨ ਭਾਰਤ ਸਭਾ, ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. (ਲਲਕਾਰ) ਵੱਲੋਂ ਸਾਂਝੇ ਤੌਰ ’ਤੇ ਕਿਲੋਮੀਟਰ ਸਕੀਮ ਦੇ ਖਿਲਾਫ਼ ਵਿੱਢੀ ਗਈ ਮੁਹਿੰਮ ਨੂੰ ਭਰਪੂਰ ਸਮਰਥਨ ਦਿੱਤਾ। ਸੀ.ਟੀ.ਯੂ. ਵਰਕਰਜ਼ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ ਅਤੇ ਜਨਰਲ ਸਕੱਤਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਅੱਜ ਦੀ ਰੋਸ ਰੈਲੀ ਨੂੰ ਜਗਦੀਸ਼ ਸਿੰਘ, ਰਣਜੀਤ ਸਿੰਘ ਹੰਸ, ਭੁਪਿੰਦਰ ਸਿੰਘ, ਰਣਵੀਰ ਸਿੰਘ, ਸੰਯੁਕਤ ਕਰਮਚਾਰੀ ਮੋਰਚੇ ਤੋਂ ਰਘੁਵੀਰ ਚੰਦ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਬੈਂਕ ਮੁਲਾਜ਼ਮਾਂ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਰੈਲੀ
ਚੰਡੀਗੜ੍ਹ: ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏ.ਆਈ.ਬੀ.ਓ.ਸੀ.) ਦੀ ਟ੍ਰਾਈਸਿਟੀ ਸਟੇਟ ਯੂਨਿਟ ਵੱਲੋਂ ਅੱਜ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਦੀ ਪੂਰਵ ਸੰਧਿਆ ’ਤੇ ਸੈਕਟਰ 8 ਤੇ 9 ਦੇ ਲਾਈਟ ਪੁਆਇੰਟ ਉਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬੈਂਕਾਂ ਦੇ ਨਿੱਜੀਕਰਨ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਪ੍ਰਦਰਸ਼ਨ ਕਨਫੈਡਰੇਸ਼ਨ ਦੀ ‘ਬੈਂਕ ਬਚਾਓ, ਦੇਸ਼ ਬਚਾਓ’ ਮੁਹਿੰਮ ਦਾ ਇੱਕ ਹਿੱਸਾ ਹੈ ਜੋ ਕਿ 30 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਜਾ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਸੰਸਦ ਦੇ ਮੌਨਸੂਨ ਸ਼ੈਸ਼ਨ ਵਿੱਚ ਜਨਰਲ ਇੰਸ਼ੋਰੈਂਸ਼ ਐਕਟ ਵਿੱਚ ਪਹਿਲਾਂ ਹੀ ਸੋਧ ਕੀਤੀ ਜਾ ਚੁੱਕੀ ਹੈ, ਇਹ ਵਿਆਪਕ ਤੌਰ ’ਤੇ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਬੈਂਕਾਂ ਦੇ ਨਿੱਜੀਕਰਨ ਅਤੇ ਬੈਂਕਿੰਗ ਲਈ ਰਾਹ ਪੱਧਰਾ ਕਰਨ ਲਈ ਬੈਂਕਿੰਗ ਕੰਪਨੀਆਂ (ਐਕਿਊਜ਼ੀਸ਼ਨ ਐਂਡ ਟਰਾਂਸਫ਼ਰ ਆਫ਼ ਅੰਡਰਟੇਕਿੰਗਜ਼) ਐਕਟ, 1970 ਅਤੇ 1980 ਨੂੰ ਪੇਸ਼ ਕਰੇਗੀ।