ਜਗਮੋਹਨ ਸਿੰਘ
ਘਨੌਲੀ, 29 ਦਸੰਬਰ
ਇੱਥੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਵੱਖ ਵੱਖ ਸੁਸਾਇਟੀਆਂ, ਠੇਕੇਦਾਰਾਂ ਅਤੇ ਕੰਪਨੀਆਂ ਅਧੀਨ ਦਿਹਾੜੀਦਾਰ ਕਾਮਿਆਂ ਵੱਜੋਂ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਰੋਸ ਰੈਲੀ ਕਰਦਿਆਂ ਹੋਇਆਂ ਜਿੱਥੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ, ਉੱਥੇ ਹੀ ਥਰਮਲ ਪਲਾਂਟ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਰੱਜ ਕੇ ਭੰਡਿਆ। ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦੇ ਬੈਨਰ ਹੇਠ ਹੋਈ ਰੈਲੀ ਨੂੰ ਪ੍ਰਧਾਨ ਮਹਿੰਦਰ ਸਿੰਘ, ਪ੍ਰਗਟ ਸਿੰਘ, ਸਿਮਰਨਜੀਤ ਸਿੰਘ ਨੀਲੋਂ, ਰਾਮਾ ਨੰਦ, ਰਾਜ ਕੁਮਾਰ ਬੱਗਾ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਸ਼ਿਕਵਾ ਕੀਤਾ ਕਿ ਉਹ ਥਰਮਲ ਪਲਾਂਟ ਦੇ ਅੰਦਰ ਰੈਗੂਲਰ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੇ ਹਨ ਅਤੇ ਕਈ ਥਾਵਾਂ ’ਤੇ ਤਾਂ ਰੈਗੂਲਰ ਮੁਲਾਜ਼ਮ ਉਨ੍ਹਾਂ ਨੂੰ ਸਿਰਫ਼ ਹੁਕਮ ਦਿੰਦੇ ਹਨ, ਜਦੋਂਕਿ ਕੰਮ ਦਿਹਾੜੀਦਾਰ ਕਾਮੇ ਕਰਦੇ ਹਨ, ਪਰ ਤਨਖਾਹਾਂ ਦੇ ਮਾਮਲੇ ਵਿੱਚ ਦਿਹਾੜੀਦਾਰ ਕਾਮਿਆਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉਨ੍ਹਾਂ ਨੂੰ ਰੈਗੂਲਰ ਕਾਮਿਆਂ ਤੋਂ ਕਈ ਗੁਣਾ ਘੱਟ ਤਨਖਾਹ ਮਿਲਦੀ ਹੈ। ਇਸ ਤੋਂ ਇਲਾਵਾ ਦਿਹਾੜੀਦਾਰ ਕਾਮੇ ਦੀ ਛੁੱਟੀ ਬਦਲੇ ਤਨਖਾਹ ਦੀ ਵੀ ਕਟੌਤੀ ਕਰ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰੈਗੂਲਰ ਜਥੇਬੰਦੀਆਂ ਆਪਣੀਆਂ ਰੋਸ ਰੈਲੀਆਂ ਸਮੇਂ ਦਿਹਾੜੀਦਾਰ ਕਾਮਿਆਂ ਨੂੰ ਸੱਦ ਕੇ ਰੈਲੀਆਂ ਦੀ ਭੀੜ ਦਿਖਾ ਕੇ ਮੰਗਾਂ ਮੰਨਵਾਉਣ ਵਿੱਚ ਸਫਲ ਹੋ ਜਾਂਦੀਆਂ ਹਨ, ਪਰ ਜਦੋਂ ਦਿਹਾੜੀਦਾਰ ਕਾਮਿਆਂ ਦੀ ਵਾਰੀ ਆਉਂਦੀ ਹੈ ਤਾਂ ਰੈਗੂਲਰ ਮੁਲਾਜ਼ਮ ਪਾਸਾ ਵੱਟ ਜਾਂਦੇ ਹਨ।
ਆਗੂਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਫੌਰੀ ਲਾਗੂ ਕੀਤਾ ਜਾਵੇ ਅਤੇ ਘੱਟੋ ਘੱਟ ਉਜਰਤਾਂ ਦੇਣ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ 2 ਜਨਵਰੀ ਨੂੰ ਕੌਮੀ ਮਾਰਗ ਜਾਮ ਕਰਨ ਦੀ ਚਿਤਾਵਨੀ ਦਿੱਤੀ।