ਕੁਲਦੀਪ ਸਿੰਘ
ਚੰਡੀਗੜ੍ਹ, 1 ਜਨਵਰੀ
ਪੀਜੀਆਈ ਮੈਡੀਕਲ ਟੈਕਨੋਲੋਜਿਸਟਸ ਐਸੋਸੀਏਸ਼ਨ ਨੇ ਅੱਜ ਸੰਸਥਾ ਦੇ ਪ੍ਰਬੰਧਨ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਰ-ਸਕੂਟਰ ਰੈਲੀ ਕੀਤੀ ਜਿਹੜੀ ਕਿ ਪੀਜੀਆਈ ਦੇ ਗੇਟ ਤੋਂ ਸ਼ੁਰੂ ਹੋ ਕੇ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਸਮਾਪਤ ਹੋਈ। ਇਥੇ ਤਕਨੀਸ਼ੀਅਨਾਂ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦਾ ਪੁਤਲਾ ਵੀ ਫੂਕਿਆ।
ਮੈਡੀਕਲ ਤਕਨੀਸ਼ੀਅਨਾਂ ਨੇ ਸੁਪਰੀਮ ਕੋਰਟ ਦੇ 11 ਜਨਵਰੀ 2019 ਵਾਲੇ ਫ਼ੈਸਲੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ ਪੀਜੀਆਈ ਪ੍ਰਬੰਧਕਾਂ ਖ਼ਿਲਾਫ਼ ਸਲੋਗਨ ਲਿਖੀਆਂ ਤਖ਼ਤੀਆਂ ਫੜ ਕੇ ਰੋੋਸ ਦਾ ਪ੍ਰਗਟਾਵਾ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ਵਨੀ ਮੁੰਜਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਵਿੱਚ ਲਗਾਤਾਰ 8 ਸਾਲ ਦੀ ਸੇਵਾ ਪੂਰੀ ਕਰਨ ’ਤੇ ਬੈਕਲਾਗ ਪ੍ਰਮੋਸ਼ਨ ਸਕੀਮ ਸਮੇਤ ਹੋਰ ਕਈ ਮੱਦਾਂ ਸ਼ਾਮਲ ਹਨ ਪਰ ਇੰਸਟੀਚਿਊਟ ਦਾ ਪ੍ਰਬੰਧਨ ਇਸ ਫੈਸਲੇ ਨੂੰ ਕਥਿਤ ਤੌਰ ’ਤੇ ਲਾਗੂ ਨਹੀਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਫ਼ੈਸਲਾ ਜਲਦ ਲਾਗੂ ਨਾ ਕੀਤਾ ਗਿਆ ਤਾਂ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਰੋਸ ਰੈਲੀਆਂ ਦਿੱਲੀ ਦੇ ਜੰਤਰ ਮੰਤਰ ਵਿੱਚ ਕੀਤੀਆਂ ਜਾਣਗੀਆਂ।