ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 8 ਜੂਨ
ਪੰਚਾਇਤੀ ਰਾਜ ਤੋਂ ਸੇਵਾਮੁਕਤ ਹੋਏ ਸੈਂਕੜੈ ਪੈਨਸ਼ਨਰ ਪਿਛਲੇ ਚਾਰ ਮਹੀਨਿਆਂ ਤੋਂ ਪੈਨਸ਼ਨਾਂ ਤੋਂ ਵਾਂਝੇ ਹਨ। ਪੰਚਾਇਤ ਰਾਜ ਪੈਨਸ਼ਨਰਜ਼ ਯੂਨੀਅਨ ਦੇ ਇੱਕ ਵਫ਼ਦ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਡਾਇਰੈਕਟਰ ਮਨਪ੍ਰੀਤ ਸਿੰਘ ਅਤੇ ਸਹਾਇਕ ਡਾਇਰੈਕਟਰ ਰਮਿੰਦਰ ਕੌਰ ਬੁੱਟਰ ਨਾਲ ਮੁਲਾਕਾਤ ਕਰਕੇ ਤੁਰੰਤ ਪੈਨਸ਼ਨਰਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ, ਜਨਰਲ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ, ਸਕੱਤਰ ਜਾਗੀਰ ਸਿੰਘ ਢਿਲੋਂ ਹੰਸਾਲਾ, ਦਰਸ਼ਨ ਸਿੰਘ ਅਤੇ ਪਵਨ ਕੁਮਾਰ ਨੇ ਦੱਸਿਆ ਕਿ 150 ਦੇ ਕਰੀਬ ਪੈਨਸ਼ਨਰਾਂ ਨੂੰ ਪਿਛਲੇ ਵਰ੍ਹੇ ਦੇ ਜੁਲਾਈ ਮਹੀਨੇ ਤੋਂ ਹਾਲੇ ਤੱਕ ਪੈਨਸ਼ਨਾਂ ਨਹੀਂ ਮਿਲੀਆਂ। ਉਨ੍ਹਾਂ ਦੱਸਿਆ ਕਿ ਪੰਚਾਇਤ ਮੰਤਰੀ ਤੋਂ ਸਮੁੱਚੇ ਪੈਨਸ਼ਨਰਾਂ ਨੂੰ ਹਰ ਮਹੀਨੇ ਪੈਨਸ਼ਨ ਮੁਹੱਈਆ ਕਰਾਉਣ, ਪੇਅ ਸਕੇਲ ਅਨੁਸਾਰ ਪੈਨਸ਼ਨਾਂ ਰੀਵਾਈਜ਼ ਕਰਨ, ਬੁਢਾਪਾ ਭੱਤਾ ਅਤੇ ਐਲਟੀਸੀ ਦੀ ਸਹੂਲਤ ਮੁਹੱਈਆ ਕਰਾਉਣ ਦੀ ਮੰਗ ਵੀ ਕੀਤੀ। ਵਫ਼ਦ ਨੇ ਦੱਸਿਆ ਕਿ ਪੰਚਾਇਤ ਮੰਤਰੀ ਨੇ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ ਅਤੇ ਪੈਨਸ਼ਨਾਂ ਇੱਕ ਹਫ਼ਤੇ ਦੇ ਅੰਦਰ ਜਾਰੀ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।