ਪੱਤਰ ਪ੍ਰੇਰਕ
ਕੁਰਾਲੀ, 30 ਅਪਰੈਲ
ਸੂਬਾ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਤੋਂ ਬਚਾਅ ਲਈ ਮੁਫ਼ਤ ਟੈਸਟ ਕਰਵਾਉਣ ਤੇ ਵੈਕਸੀਨ ਦੇ ਟੀਕੇ ਲਗਵਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਸ਼ਹਿਰ ਦੇ ਸਿਵਲ ਹਪਸਤਾਲ ਵਿੱਚ ਪਰਚੀ ਦੇ ਨਾਂ ’ਤੇ ਹਰ ਮਰੀਜ਼ ਤੋਂ ਵਸੂਲੀ ਕੀਤੀ ਜਾ ਰਹੀ ਹੈ। ਅੱਜ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਲਾਈਨ ਵਿੱਚ ਖੜੇ ਕੁਝ ਵਿਅਕਤੀਆਂ ਤੋਂ ਉਥੇ ਪਰਚੀ ਬਣਾ ਰਹੀ ਮੁਲਾਜ਼ਮ ਵੱਲੋਂ 10 ਰੁਪਏ ਵਸੂਲੇ ਗਏ। ਜਦੋਂ ਉਨ੍ਹਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਤਾਂ ਪਰਚੀ ਕੱਟ ਰਹੀ ਮੁਲਾਜ਼ਮ ਵੱਲੋਂ ਉਨ੍ਹਾਂ ਵਿਅਕਤੀਆਂ ਤੋਂ ਲਏ ਗਏ ਰੁਪਏ ਵਾਪਸ ਕਰ ਦਿੱਤੇ ਗਏ। ਇਸ ਸਬੰਧੀ ਐੱਸ.ਐੱਮ.ਓ ਡਾ. ਬੀਰਇੰਦਰ ਕੌਰ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਤੇ ਜੇਕਰ ਅਜਿਹਾ ਕੁਝ ਹੋ ਰਿਹਾ ਹੈ ਤਾਂ ਉਹ ਇਸ ਵੱਲ ਜ਼ਰੂਰ ਧਿਆਨ ਦੇਣਗੇ।
ਕੀ ਕਹਿਦੇ ਹਨ ਸੂਬਾ ਸਿਹਤ ਸਕੱਤਰ
ਇਸ ਮਾਮਲੇ ਸਬੰਧੀ ਜਦੋਂ ਸੂਬੇ ਦੇ ਸਿਹਤ ਸਕੱਤਰ ਅਮਿਤ ਕੁਮਾਰ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੂਬਾ ਵਾਸੀਆਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਲਈ ਸਰਕਾਰ ਵੱਲੋਂ ਕੋਵਿਡ-19 ਟੈਸਟ ਕਰਵਾਉਣ ਅਤੇ ਕੋਵਿਡ ਵੈਕਸੀਨ (ਕੋਵਾਸ਼ੀਲਡ) ਦਾ ਟੀਕਾਕਰਨ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਪਰ ਜੇਕਰ ਕੁਰਾਲੀ ਦੇ ਹਸਪਤਾਲ ਵਿੱਚ ਸਰਕਾਰੀ ਪਰਚੀ ਕੱਟੀ ਜਾ ਰਹੀ ਹੈ ਤਾਂ ਇਹ ਬਿਲਕੁਲ ਗਲਤ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।