ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਾਂ ਬੋਲੀ ਪੰਜਾਬੀ ਨੂੰ ਵਿਸਾਰਨ ’ਤੇ ਲੇਖਕ ਸਭਾਵਾਂ ਚਿੰਤਤ ਹਨ। ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਹਿਤਕ ਸਭਾਵਾਂ ਅਤੇ ਲੇਖਕ ਜਥੇਬੰਦੀਆਂ ਨੇ ਸਾਂਝੇ ਰੂਪ ਵਿਚ ਇਸ ਗੱਲ ’ਤੇ ਡੂੰਘਾ ਰੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਦੇ ਦਸਤਖਤਾਂ ਹੇਠ ਜਾਰੀ ਚਿੱਠੀਆਂ ਦੀ ਭਾਸ਼ਾ ਅੰਗਰੇਜ਼ੀ ਹੈ। ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਲੋਕ ਮੰਚ ਪੰਜਾਬ, ਅਦਾਰਾ ਹੁਣ, ਸਾਹਿਤ ਵਿਗਿਆਨ ਕੇਂਦਰ ਮੁਹਾਲੀ, ਕੌਮਾਂਤਰੀ ਪੰਜਾਬੀ ਇਲਮ ਅਤੇ ਸੂਲ ਸੁਰਾਹੀ ਸਾਹਿਤ ਸਭਾ ਪੰਜਾਬ ਸਣੇ ਹੋਰ ਵੱਖ-ਵੱਖ ਮਾਂ ਬੋਲੀ ਪੰਜਾਬੀ ਦੀਆਂ ਮੁਦੱਈ ਸੰਸਥਾਵਾਂ ਤੇ ਪੰਜਾਬੀ ਲੇਖਕ ਸਭਾਵਾਂ ਵਲੋਂ ਇਸ ਬਾਰੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। -ਸਾਹਿਤ ਪ੍ਰਤੀਨਿਧ