ਆਤਿਸ਼ ਗੁਪਤਾ
ਚੰਡੀਗੜ੍ਹ, 26 ਜੂਨ
ਦਿੱਲੀ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ’ਤੇ ਅੱਜ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮਨਾਉਂਦਿਆਂ ਦੋਵੇਂ ਸੂਬਿਆਂ ਦੇ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਨੂੰ ਰੋਸ ਪੱਤਰ ਸੌਂਪਿਆ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪੂਰੇ ਜੋਸ਼ ਅਤੇ ਹੋਸ਼ ਨਾਲ ਸਾਰੀਆਂ ਰੋਕਾਂ ਤੋੜਦੇ ਹੋਏ ਚੰਡੀਗੜ੍ਹ ਪਹੁੰਚੇ। ਉਂਜ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਜਿਸ ਕਾਰਨ ਕਈ ਵਿਅਕਤੀਆਂ ਦੀਆਂ ਪੱਗਾਂ ਲੱਥ ਗਈਆਂ। ਫਿਰ ਵੀ ਬਜ਼ੁਰਗਾਂ, ਨੌਜਵਾਨਾਂ, ਬੀਬੀਆਂ ਅਤੇ ਮਜ਼ਦੂਰਾਂ ਦਾ ਹੜ੍ਹ ਸ਼ਾਂਤਮਈ ਢੰਗ ਨਾਲ ਰਾਜ ਭਵਨ ਵੱਲ ਵਧਦਾ ਗਿਆ। ਕਿਸਾਨਾਂ ਨੇ ਰਾਜ ਭਵਨ ਤੋਂ ਕੁਝ ਦੂਰੀ ’ਤੇ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਮ ਰੋਸ ਪੱਤਰ ਸੌਂਪਿਆ। ਇਸ ਮਗਰੋਂ ਜੇਤੂ ਅੰਦਾਜ਼ ’ਚ ਕਿਸਾਨ ਆਪਣੇ ਆਪਣੇ ਟਿਕਾਣਿਆਂ ਵੱਲ ਪਰਤ ਗਏ। ਪੂਰੇ ਪੰਜਾਬ ਤੋਂ ਆਏ ਕਿਸਾਨ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਇਕੱਠੇ ਹੋਏ ਸਨ। ਉਨ੍ਹਾਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ, ਸਤਨਾਮ ਸਿੰਘ ਬਹਿਰੂ, ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਸਿਰਸਾ, ਮੇਅਰ ਸਿੰਘ ਥੇੜੀ, ਪਰਵਿੰਦਰ ਸਿੰਘ ਬੈਦਵਾਨ, ਕਮਲਜੀਤ ਸਿੰਘ ਸਣੇ ਹੋਰ ਆਗੂ ਕਰ ਰਹੇ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤਿੰਨੋਂ ਕਾਨੂੰਨਾਂ ਰਾਹੀਂ ਖੇਤੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਣਾ ਚਾਹੁੰਦੀ ਹੈ ਜੋ ਕਿਸਾਨੀ ਨੂੰ ਤਬਾਹ ਕਰ ਦੇਣਗੇ।
ਇਸ ਮਗਰੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਰਾਜ ਭਵਨ ਵੱਲ ਰਵਾਨਾ ਹੋਇਆ। ਕਿਸਾਨਾਂ ਦੇ ਵੱਡੇ ਕਾਫ਼ਲੇ ਨੂੰ ਚੰਡੀਗੜ੍ਹ ਪੁਲੀਸ ਨੇ ਸੈਕਟਰ-51/52 ਵਾਲੀ ਸੜਕ ’ਤੇ ਦੋ ਥਾਵਾਂ ’ਤੇ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਪਹਿਲਾ ਬੈਰੀਕੇਡ ਅਸਾਨੀ ਨਾਲ ਤੋੜ ਦਿੱਤਾ ਜਦਕਿ ਦੂਜਾ ਬੈਰੀਕੇਡ ਤੋੜਨ ਸਮੇਂ ਪੁਲੀਸ ਨਾਲ ਖਿੱਚ-ਧੂਹ ਹੋਈ। ਇਸ ਦੌਰਾਨ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ ਅਤੇ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਕਿਸਾਨ ਸੈਕਟਰ-43/44 ਵਾਲੀ ਸੜਕ ਤੋਂ ਅੱਗੇ ਵਧਦੇ ਗਏ। ਪੁਲੀਸ ਨੇ ਰਾਹ ਵਿੱਚ ਵੀ ਕਿਸਾਨਾਂ ਨੂੰ ਦੋ-ਤਿੰਨ ਥਾਵਾਂ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਾਰੀਆਂ ਰੋਕਾਂ ਤੋੜਦੇ ਹੋਏ ਰਾਜ ਭਵਨ ਤੋਂ ਕੁਝ ਦੂਰੀ ’ਤੇ ਸਥਿਤ ਪ੍ਰੈੱਸ ਚੌਕ ਤੱਕ ਪਹੁੰਚ ਗਏ। ਨੌਜਵਾਨਾਂ ਨੇ ਪੁਲੀਸ ਵੱਲੋਂ ਰਾਹ ਰੋਕਣ ਲਈ ਲਾਈਆਂ ਬੱਸਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਆਗੂਆਂ ਨੇ ਪ੍ਰੈੱਸ ਚੌਕ ਵਿੱਚ ਪਹੁੰਚ ਕੇ ਯੂਟੀ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਸ੍ਰੀ ਬਰਾੜ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੱਤਰ ਰਾਜਪਾਲ ਵੀ ਪੀ ਸਿੰਘ ਬਦਨੌਰ ਤੱਕ ਪਹੁੰਚਾ ਦੇਣਗੇ।
ਦੂਜੇ ਪਾਸੇ ਹਰਿਆਣਾ ਦੇ ਕਿਸਾਨ ਗੁਰਦੁਆਰਾ ਨਾਢਾ ਸਾਹਿਬ ਵਿੱਚ ਗੁਰਨਾਮ ਸਿੰਘ ਚੜੂਨੀ ਅਤੇ ਯੋਗੇਂਦਰ ਯਾਦਵ ਦੀ ਅਗਵਾਈ ਹੇਠ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਸਥਿਤ ਹਰਿਆਣਾ ਰਾਜ ਭਵਨ ਵੱਲ ਕੂਚ ਕੀਤਾ।
ਚੰਡੀਗੜ੍ਹ ਵਿੱਚ ਦਾਖ਼ਲ ਹੋਣ ਵਾਲੀ ਸੜਕ ’ਤੇ ਚੰਡੀਗੜ੍ਹ ਅਤੇ ਹਰਿਆਣਾ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਿਸਾਨ ਆਗੂਆਂ ਨੇ ਰੋਸ ਮਾਰਚ ਨੂੰ ਸ਼ਾਂਤਮਈ ਰੱਖਦੇ ਹੋਏ ਉੱਥੇ ਹੀ ਰਾਸ਼ਟਰਪਤੀ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪ ਦਿੱਤਾ।
ਅੰਦੋਲਨ ਨੂੰ ਸ਼ਰਾਰਤੀ ਅਨਸਰਾਂ ਤੋਂ ਬਚਾਉਣ ਲਈ ਚੌਕਸੀ ਰੱਖੀ: ਰਾਜੇਵਾਲ
‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤੇ। ਸ਼ਰਾਰਤੀ ਅਨਸਰਾਂ ਨੂੰ ਰੋਕਣ ਲਈ ਵਿਸ਼ੇਸ਼ ਤੌਰ ’ਤੇ ਚੌਕਸੀ ਵਰਤੀ ਗਈ ਤਾਂ ਜੋ ਰੋਸ ਮਾਰਚ ਵਿੱਚ ਕੋਈ ਅੜਿਕਾ ਨਾ ਪਾਇਆ ਜਾ ਸਕੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਕ ਹੱਕ ਹੈ ਜਿਸ ਨੂੰ ਸਰਕਾਰਾਂ ਦਬਾਉਣ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਸ਼ਰਾਰਤੀ ਅਨਸਰਾਂ ਰਾਹੀਂ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਕਰਕੇ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਵਾਲੰਟੀਅਰਾਂ ਦੀ ਟੀਮ ਤਿਆਰ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਦੀਆਂ ਅਜਿਹੀਆਂ ਚਾਲਾਂ ਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ।