ਸੰਜੀਵ ਬੱਬੀ
ਚਮਕੌਰ ਸਾਹਿਬ, 6 ਜਨਵਰੀ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਲਾ ਦੇ ਪ੍ਰਿੰਸੀਪਲ ਦੀ ਬਦਲੀ ਦੇ ਵਿਰੋਧ ਵਿੱਚ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਗੇਟ ’ਤੇ ਧਰਨਾ ਦੇ ਕੇ ਰੋਸ ਜ਼ਾਹਰ ਕੀਤਾ। ਪ੍ਰਾਪਤ ਸੂਚਨਾ ਅਨੁਸਾਰ ਵਿਭਾਗ ਵੱਲੋਂ ਸਕੂਲ ਦੀ ਪ੍ਰਿੰਸੀਪਲ ਰਿਤੂ ਬਾਲਾ ਦੀ ਬਦਲੀ ਬਿਨਾਂ ਕਿਸੇ ਕਾਰਨ ਤੋਂ ਨਵਾਂ ਸ਼ਹਿਰ ਦੇ ਪਿੰਡ ਸੂਰਾਪੁਰ ਵਿਖੇ ਕਰ ਦਿੱਤੀ ਗਈ। ਬਦਲੀ ਦੇ ਸਬੰਧ ਵਿੱਚ ਵਿਭਾਗ ਦੀ ਚਿੱਠੀ ਸਕੂਲ ਵਿੱਚ ਆਉਣ ਤੋਂ ਬਾਅਦ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਸਕੂਲ ਦੇ ਗੇਟ ’ਤੇ ਧਰਨਾ ਦਿੱਤਾ ਅਤੇ ਪ੍ਰਿੰਸੀਪਲ ਰਿਤੂ ਬਾਲਾ ਦੀ ਬਦਲੀ ਰੱਦ ਕਰਨ ਦੀ ਮੰਗ ਕੀਤੀ। ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਮੈਡਮ ਰਿਤੂ ਬਾਲਾ ਜਿਨ੍ਹਾਂ ਕਰੀਬ 6 ਮਹੀਨੇ ਪਹਿਲਾਂ ਹੀ ਚਾਰਜ ਲਿਆ ਸੀ, ਦੀ ਬਿਨਾਂ ਕਿਸੇ ਕਾਰਨ ਬਦਲੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਦੇ ਕਾਰਜਕਾਲ ਦੌਰਾਨ ਬੱਚਿਆਂ ਦੀ ਵਧੀਆ ਪੜ੍ਹਾਈ, ਸਕੂਲ ਦੀ ਦਿੱਖ ਸਵਾਰਨ ਲਈ ਅਹਿਮ ਕਾਰਜ ਹੋਏ ਹਨ ਪ੍ਰੰਤੂ ਬਿਨਾਂ ਕਾਰਨ ਤੋਂ ਬਦਲੀ ਕਰਨ ’ਤੇ ਇਲਾਕਾ ਵਾਸੀਆਂ ’ਚ ਰੋਸ ਹੈ। ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪ੍ਰਿੰਸੀਪਲ ਰਿਤੂ ਬਾਲਾ ਦੀ ਬਦਲੀ ਰੱਦ ਕਰਕੇ ਮੁੜ ਬੇਲਾ ਸਕੂਲ ਵਿੱਚ ਭੇਜਿਆ ਜਾਵੇ।