ਹਰਜੀਤ ਸਿੰਘ
ਡੇਰਾਬੱਸੀ, 11 ਅਗਸਤ
ਇਥੋਂ ਦੀ ਮੁਬਾਰਿਕਪੁਰ ਰੋਡ ’ਤੇ ਬੀਤੇ ਦਿਨੀਂ ਬਿਜਲੀ ਠੀਕ ਕਰਦੇ ਹੋਏ ਕਰੰਟ ਲੱਗਣ ਕਾਰਨ ਲਾਈਨਮੈਨ ਮਨਦੀਪ ਸਿੰਘ ਵਾਸੀ ਪਿੰਡ ਸੁੰਡਰਾ ਦੀ ਮੌਤ ਦੇ ਮਾਮਲੇ ਵਿੱਚ ਅੱਜ ਉਸ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਸਬੰਧਤ ਜੇਈ ਦੀ ਗ੍ਰਿਫ਼ਤਾਰੀ ਲਈ ਪੁਲੀਸ ਚੌਕੀ ਵਿੱਚ ਹੰਗਾਮਾ ਕੀਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਹਲਕੀ ਧਾਰਾ ਤਹਿਤ ਜੇਈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿੰਡ ਵਾਸੀਆਂ ਨੇ ਉਸ ਖ਼ਿਲਾਫ਼ ਸਖ਼ਤ ਧਾਰਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪੁਲੀਸ ਨੇ ਜਾਂਚ ਮਗਰੋਂ ਕਾਰਵਾਈ ਦਾ ਭਰੋਸਾ ਦੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਇਸ ਮਗਰੋਂ ਅੱਜ ਲਾਈਨਮੈਨ ਦੀ ਮ੍ਰਿਤਕ ਦੇਹ ਦਾ ਪਿੰਡ ਸੁੰਡਰਾ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਸ ਦੀਆਂ ਚਾਰਾਂ ਭੈਣਾਂ ਨੇ ਰੱਖੜੀ ਬੰਨ੍ਹ ਕੇ ਮਨਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਲਾਈਨ ਵਿੱਚ ਆਏ ਨੁਕਸ ਨੂੰ ਠੀਕ ਕਰਨ ਲਈ ਮਨਦੀਪ ਬਿਜਲੀ ਦੇ ਖੰਭੇ ’ਤੇ ਚੜ੍ਹਿਆ ਸੀ। ਇਸ ਦੀ ਸੂਚਨਾ ਉਸ ਵੱਲੋਂ ਸਬੰਧਤ ਜੇਈ ਤਲਵਿੰਦਰ ਸਿੰਘ ਨੂੰ ਦਿੱਤੀ ਗਈ ਸੀ। ਇਸ ਦੇ ਬਾਵਜੂਦ ਬਿਜਲੀ ਦੀ ਸਪਲਾਈ ਬੰਦ ਨਹੀਂ ਕੀਤੀ ਗਈ ਜਿਸ ਕਾਰਨ ਮਨਦੀਪ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਾਇਆ ਕਿ ਮਨਦੀਪ ਦੀ ਮੌਤ ਜੇਈ ਦੀ ਕਥਿਤ ਲਾਪ੍ਰਵਾਹੀ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਜੇਈ ਖ਼ਿਲਾਫ਼ ਗੈਰਇਰਾਦਤਨ ਕਤਲ ਦੀ ਧਾਰਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ। ਲਾਈਨਮੈਨ ਦੀ ਮੌਤ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਤੇ ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਜਾਂਚ ਮੁਕੰਮਲ ਹੋਣ ’ਤੇ ਕੀਤੀ ਜਾਏਗੀ ਅਗਲੀ ਕਾਰਵਾਈ: ਮੁਬਾਰਿਕਪੁਰ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਕੁਲਵੰਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚਲ ਰਹੀ ਹੈ ਜਿਸ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ। ਲਾਈਨਮੈਨ ਦੀ ਮੌਤ ਦੇ ਮਾਮਲੇ ਬਾਰੇ ਜੇਈ ਤਲਵਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਸਪਲਾਈ ਬੰਦ ਕਰ ਦਿੱਤੀ ਗਈ ਸੀ ਪਰ ਲਾਈਨਮੈਨ ਮਨਦੀਪ ਸਿੰਘ ਵੱਲੋਂ ਨਿਯਮ ਮੁਤਾਬਕ ਲਾਈਨ ਦੀ ਜਾਂਚ ਨਹੀਂ ਕੀਤੀ ਗਈ ਕਿਉਂਕਿ ਕਈਂ ਵਾਰ ਲਾਈਨ ਵਿੱਚ ਰਿਵਰਸ ਕਰੰਟ ਵੀ ਆ ਜਾਂਦਾ ਹੈ।