ਹਰਜੀਤ ਸਿੰਘ
ਜ਼ੀਰਕਪੁਰ, 12 ਅਪਰੈਲ
ਬਿਜਲੀ ਚੋਰੀ ਰੋਕ ਪਾਉਣ ’ਚ ਨਾਕਾਮ ਅਤੇ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਲੰਘੇ ਦਿਨੀਂ ਮੁਅੱਤਲ ਕੀਤੇ ਜੇਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਅੱਜ ਪਾਵਰਕੌਮ ਦੇ ਸਮੂਹ ਜੇਈਜ਼ ਵੱਲੋਂ ਅੱਜ ਐਕਸੀਅਨ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਪ੍ਰਧਾਨ ਸੋਹਣ ਸਿੰਘ ਦੀ ਅਗਵਾਈ ਹੇਠ ਦਿੱਤੇ ਧਰਨੇ ਵਿੱਚ ਮੁਜ਼ਹਰਾਕਾਰੀਆਂ ਨੇ ਜੇਈ ਅੰਮ੍ਰਿਤਪਾਲ ਸਿੰਘ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕੀਤੀ। ਧਰਨੇ ਵਿੱਚ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੇ ਸਮੂਹ ਜੇਈਜ਼ ਸ਼ਾਮਲ ਹੋਏ।
ਬੁਲਾਰਿਆਂ ਨੇ ਕਿਹਾ ਕਿ ਲੰਘੀ 29 ਮਾਰਚ ਨੂੰ ਐਕਸੀਅਨ ਐਨਫੋਰਸਮੈਂਟ ਵੱਲੋਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸ਼ੌਪਿੰਗ ਕੰਪਲੈਕਸ ’ਚ ਛਾਪਾ ਮਾਰ ਕੇ ਬਿਜਲੀ ਚੋਰੀ ਫੜੀ ਗਈ ਸੀ। ਅਧਿਕਾਰੀਆਂ ਵੱਲੋਂ ਡਿਊਟੀ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਉੱਕਤ ਜੇਈ ਅੰਮ੍ਰਿਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਜ਼ਹਰਾਕਾਰੀ ਕੌਂਸਲ ਆਫ਼ ਜੂਨੀਅਨ ਇੰਜਨੀਅਰ ਸਰਕਲ ਮੁਹਾਲੀ ਵੱਲੋਂ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇਈ ਅੰਮ੍ਰਿਤਪਾਲ ਸਿੰਘ ਦਾ ਇਸ ਚੋਰੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਾਰਿਆਂ ਨੇ ਫੈਸਲਾ ਕੀਤਾ ਹੈ ਕਿ ਇਹ ਮੁਅੱਤਲੀ ਰੱਦ ਹੋਣ ਤੱਕ ਸਮੂਹ ਜੇਈਜ਼ ਵੱਲੋਂ ਸਰਕਲ ਮੁਹਾਲੀ ਤੋਂ ਬਿਜਲੀ ਸਪਲਾਈ ਚਲਾਉਣ ਤੋਂ ਇਲਾਵਾ ਬਾਕੀ ਸਾਰੇ ਕੰਮਾਂ ਦਾ ਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਇੰਜਨੀਅਰ ਰਵਿੰਦਰ ਤੁਸ਼ਾਰ, ਇੰਜਨੀਅਰ ਨਿਰਮਲ ਸਿੰਘ, ਇੰਜਨੀਅਰ ਸਰਬਜੋਤ ਸਿੰਘ, ਇੰਜਨੀਅਰ ਗੁਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਜੇਈ ਹਾਜ਼ਰ ਸਨ।