ਪੱਤਰ ਪ੍ਰੇਰਕ
ਚੰਡੀਗੜ੍ਹ, 22 ਜੂਨ
ਬੈਂਕ ਕਰਮਚਾਰੀਆਂ ਤੇ ਅਫ਼ਸਰਾਂ ਦੀਆਂ 9 ਟਰੇਡ ਯੂਨੀਅਨਾਂ ਦੀ ਸੰਸਥਾ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼’ (ਯੂ.ਐੱਫ.ਬੀ.ਯੂ.) ਦੇ ਸੱਦੇ ’ਤੇ ਅੱਜ ਸਟੇਟ ਬੈਂਕ ਆਫ਼ ਇੰਡੀਆ ਦੀ ਸੈਕਟਰ-17 ਚੰਡੀਗੜ੍ਹ ਸਥਿਤ ਮੁੱਖ ਬਰਾਂਚ ਅੱਗੇ ਪੂਰਾ ਦਿਨ ਧਰਨਾ ਤੇ ਦੁਪਹਿਰ ਸਮੇਂ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਮਹਿਲਾ ਮੈਂਬਰਾਂ ਸਮੇਤ ਭਾਗੀਦਾਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ਵਿੱਚ ਆਈ.ਬੀ.ਏ. ਦੀ ਪਹੁੰਚ ਵਿਰੁੱਧ ਰੋਹ ਦਾ ਪ੍ਰਗਟਾਵਾ ਕੀਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਵਿੱਚ ਸੰਜੀਵ ਬੰਦਲਿਸ, ਐਸ.ਕੇ. ਗੌਤਮ, ਦੀਪਕ ਸ਼ਰਮਾ, ਪੀ.ਆਰ. ਮਹਿਤਾ, ਨਰੇਸ਼ ਗੌੜ, ਰਾਜੇਸ਼ ਬਾਂਸਲ, ਜਗਦੀਸ਼ ਰਾਏ, ਟੀ.ਐਸ.ਸੱਗੂ, ਬੀ.ਐੱਸ. ਗਿੱਲ, ਵਿਪਨ ਕੁਮਾਰ ਹਾਂਡਾ, ਹਰਮੀਤ ਸਿੰਘ, ਅਸ਼ੋਕ ਗੋਇਲ ਆਦਿ ਨੇ ਕਿਹਾ ਕਿ ਬੈਂਕ ਕਰਮਚਾਰੀ ਤੇ ਅਧਿਕਾਰੀ ਆਪਣੇ ਬਕਾਇਆ ਮੁੱਦਿਆਂ ਨੂੰ ਹੱਲ ਕਰਨ ’ਚ ਆਈ.ਬੀ.ਏ. ਵੱਲੋਂ ਕੀਤੀ ਜਾ ਰਹੀ ਬੇਲੋੜੀ ਦੇਰੀ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਦੀ ਗੈਰ-ਸੰਜੀਦਾ ਪਹੁੰਚ ਕਾਰਨ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ, ਇਸ ਲਈ ਯੂ.ਐਫ.ਬੀ.ਯੂ. ਨੇ ਸੜਕਾਂ ’ਤੇ ਆਉਣ ਤੇ ਹੜਤਾਲ ਕਰਕੇ ਆਪਣੀ ਨਰਾਜ਼ਗੀ ਜ਼ਾਹਰ ਕਰਨ ਦਾ ਫੈਸਲਾ ਕੀਤਾ ਹੈ। ਫੋਰਮ ਦੇ ਪ੍ਰਤੀਨਿਧੀ 13 ਅਪਰੈਲ 2022 ਨੂੰ ਆਈ.ਬੀ.ਏ. ਦੇ ਨਵੇਂ ਚੇਅਰਮੈਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਾਰੇ ਮੁੱਦਿਆਂ ਬਾਰੇ ਜਾਣੂ ਵੀ ਕਰਵਾ ਚੁੱਕੇ ਹਨ।