ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਦਸੰਬਰ
ਇਥੋਂ ਦੇ ਐੱਮਸੀਐੱਮ ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36 ਦੇ ਅਧਿਆਪਕਾਂ ਨੇ ਅੱਜ ਕਾਲਜ ਵਿੱਚ ਧਰਨਾ ਦਿੱਤਾ। ਉਨ੍ਹਾਂ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਕਾਲਜ ਅਧਿਆਪਕਾਂ ਨੂੰ ਤਨਖਾਹ ਨਾ ਦੇਣ ’ਤੇ ਰੋਸ ਜਤਾਇਆ। ਉਨ੍ਹਾਂ ਪੰਜਾਬ ਸਰਕਾਰ ਦੇ ਯੂਜੀਸੀ ਸਕੇਲਾਂ ਨੂੰ ਡੀਲਿੰਕ ਕਰਨ ਦਾ ਵੀ ਵਿਰੋਧ ਕੀਤਾ। ਇਸ ਮੌਕੇ ਪੁਲੀਸ ਵੱਲੋਂ ਜਬਰੀ ਅਧਿਆਪਕਾਂ ਨੂੰ ਲਿਜਾਣ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ। ਅੱਜ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਦੇ ਅਧਿਆਪਕ ਤੇ ਸੈਨੇਟਰ ਇੰਦਰ ਪਾਲ ਸਿੱਧੂ ਵੀ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਨਾਲ ਪ੍ਰੋ. ਅਨਿਲ ਸਰਵਲ, ਡਾ. ਸੁਥਾਪਾ, ਡਾ. ਅਸ਼ੀਸ਼ ਕਪੂਰ ਤੇ ਨਵਨੀਤ ਕੁਮਾਰ ਪਰੂਥੀ ਵੀ ਭੁੱਖ ਹੜਤਾਲ ’ਤੇ ਰਹੇ। ਇਸ ਮੌਕੇ ਡੀਏਵੀ ਕਾਲਜ ਤੇ ਚੰਡੀਗੜ੍ਹ ਦੇ ਹੋਰ ਕਾਲਜਾਂ ਦੇ ਅਧਿਆਪਕਾਂ ਨੇ ਮਟਕਾ ਚੌਕ ’ਤੇ ਸ਼ਾਂਤੀਪੂਰਨ ਰੋਸ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਜੇ ਯੂਜੀਸੀ ਸਕੇਲਾਂ ਨੂੰ ਡੀਲਿੰਕ ਕੀਤਾ ਗਿਆ ਤਾਂ ਕੇਂਦਰ ਵਲੋਂ ਗਰਾਂਟਾਂ ਤੇ ਸਕਾਲਰਸ਼ਿਪਾਂ ਨਹੀਂ ਮਿਲਣਗੀਆਂ।
ਧਰਨਾਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਹੈ, ਪਰ ਪੰਜਾਬ ਸਰਕਾਰ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਰਹੀ ਤੇ ਅਧਿਆਪਕਾਂ ਦੇ ਸੰਘਰਸ਼ ਦੇ ਬਾਵਜੂਦ ਚੰਨੀ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਸੱਤਵੇਂ ਤਨਖਾਹ ਸਕੇਲਾਂ ਵਿੱਚ ਲੈਕਚਰਾਰਾਂ ਦੇ ਸਕੇਲ ਬਿਊਰੋਕਰੇਸੀ ਦੇ ਸਕੇਲਾਂ ਨਾਲੋਂ ਉੱਚੇ ਹਨ, ਇਸ ਕਰ ਕੇ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਅਧਿਆਪਕਾਂ ਨੇ ਦੱਸਿਆ ਕਿ ਅੱਜ ਅਧਿਆਪਕਾਂ ਨੂੰ ਭੁੱਖ ਹੜਤਾਲ ਕਰਦਿਆਂ 13 ਦਿਨ ਹੋ ਗਏ ਹਨ ਪਰ ਪ੍ਰਸ਼ਾਸਨ ਤੇ ਅਧਿਕਾਰੀਆਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਜਿਸ ਕਾਰਨ ਕਾਲਜ ਅਧਿਆਪਕਾਂ ਵਿੱਚ ਰੋਸ ਹੈ।
‘ਪੂਟਾ’ ਵੱਲੋਂ ਪੀਯੂ ਦੇ ਡੈਂਟਲ ਕਾਲਜ ਅੱਗੇ ਰੋਸ ਪ੍ਰਦਰਸ਼ਨ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਤੋਂ ਸੱਤਵੇਂ ਤਨਖਾਹ ਕਮਿਸ਼ਨ ਅਨੁਸਾਰ ਸੋਧੇ ਹੋਏ ਤਨਖਾਹ ਸਕੇਲਾਂ ਨੂੰ ਲਾਗੂ ਕਰਵਾਉਣ ਅਤੇ ਨਵੀਆਂ ਭਰਤੀਆਂ ਵਿੱਚ ਤਨਖਾਹ ਸਕੇਲਾਂ ਨੂੰ ਯੂਜੀਸੀ ਨਾਲੋਂ ਡੀ-ਲਿੰਕ ਕਰਨ ਦੇ ਫ਼ੈਸਲੇ ਨੂੰ ਵਾਪਸ ਕਰਵਾਉਣ ਦੀ ਮੰਗ ਸਬੰਧੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਵੱਲੋਂ ‘ਪਫੁਕਟੋ’ ਦੇ ਬੈਨਰ ਹੇਠ ‘ਸਿੱਖਿਆ ਬੰਦ’ ਮੁਹਿੰਮ ਤਹਿਤ ਅੱਜ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੱਲੋਂ ਸੈਕਟਰ 25 ਸਥਿਤ ਡਾ. ਹਰਿਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਿਜ਼ ਐਂਡ ਹੌਸਪਿਟਲ ਦੇ ਬਾਹਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੂਟਾ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਨੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਬਣਾਉਣ ਲਈ ‘ਪਫੁਕਟੋ’ ਦੀ ਲੀਡਰਸ਼ਿਪ ਦੇ ਨਾਲ ਖੜ੍ਹਨ ਲਈ ਅਧਿਆਪਕ ਭਾਈਚਾਰੇ ਦੀ ਸ਼ਲਾਘਾ ਕੀਤੀ।