ਕੁਲਦੀਪ ਸਿੰਘ
ਚੰਡੀਗੜ੍ਹ, 14 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਹੋਸਟਲਾਂ ਦੀ ਸੁਵਿਧਾ ਪ੍ਰਾਪਤ ਕਰਨ ਵਿਚ ਪੇਸ਼ ਆ ਰਹੀਆਂ ਦਿੱਕਤਾਂ, ਲੜਕੀਆਂ ਦੇ ਹੋਸਟਲਾਂ ਵਿੱਚ ਲਗਾਈਆਂ ਪਾਬੰਦੀਆਂ ਅਤੇ ਮੈੱਸਾਂ/ਕੰਟੀਨਾਂ ਵਿੱਚ ਖਾਣੇ ਦੇ ਵਧਾਏ ਹੋਏ ਰੇਟਾਂ ਖ਼ਿਲਾਫ਼ ਵਿਦਿਆਰਥੀ ਕੇਂਦਰ ਵਿੱਚ ਰੋਸ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿੱਚ ਆਪਣੀਆਂ ਮੰਗਾਂ ਲਿਖੀਆਂ ਤਖ਼ਤੀਆਂ ਫੜ ਕੇ ਅਥਾਰਿਟੀ ਦਾ ਮੰਗਾਂ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਰੋਸ ਪ੍ਰਦਰਸ਼ਨ ਵਿੱਚ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਅਮਨਦੀਪ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਨੂੰ ਅਲਾਟ ਕੀਤੀਆਂ ਗਈਆਂ ਹੋਸਟਲਾਂ ਦੀਆਂ ਸੀਟਾਂ 2019-2020 ਸੈਸ਼ਨ ਦੇ ਮੁਕਾਬਲੇ ਬੇਲੋੜੇ ਘਟਾ ਦਿੱਤੀਆਂ ਗਈਆਂ ਹਨ, ਜਿਸ ਕਰ ਕੇ ਵਿਦਿਆਰਥੀਆਂ ਨੂੰ ਹੋਸਟਲ ਨਹੀਂ ਮਿਲ ਰਹੇ ਹਨ। ਲੜਕੀਆਂ ਦੇ ਹੋਸਟਲਾਂ ’ਤੇ ਰਾਤ ਨੂੰ ਬੇਲੋੜੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ ਜੋ ਕਿ 24 ਘੰਟੇ ਖੁੱਲ੍ਹਣ ਵਾਲੇ ਲੜਕੀਆਂ ਦੇ ਹੋਸਟਲਾਂ ਦੀ ਉਲੰਘਣਾ ਹੈ। ਗੇਟ ਖੁੱਲ੍ਹਣ ਤੇ ਬੰਦ ਹੋਣ ਦੇ ਨਾਲ-ਨਾਲ ਵਿਜ਼ਟਰ ਕਮਰਿਆਂ ਵਿੱਚ ਆਉਣ-ਜਾਣ ਵਾਲਿਆਂ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਕਰੋਨਾ ਦੌਰ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਦੀ ਘੱਟ ਗਿਣਤੀ ਹੋਣ ਕਰ ਕੇ ਠੇਕੇਦਾਰਾਂ ਨੂੰ ਹੋਏ ਨੁਕਸਾਨ ਦਾ ਬੋਝ ਵੀ ਖਾਣੇ ਦੇ ਰੇਟਾਂ ਵਿੱਚ ਵਾਧਾ ਕਰ ਕੇ ਵਿਦਿਆਰਥੀਆਂ ਉੱਤੇ ਪਾਇਆ ਗਿਆ ਹੈ ਜੋ ਕਿ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹੋਸਟਲਾਂ ਅਤੇ ਕਲਾਸਾਂ ਵਿੱਚ ਪ੍ਰਚਾਰ ਕਰ ਕੇ ਵਿਦਿਆਰਥੀਆਂ ਨੂੰ ਰੋਸ ਪ੍ਰਦਰਸ਼ਨ ਲਈ ਲਾਮਬੰਦ ਕੀਤਾ ਅਤੇ ਪੀਐੱਸਯੂ (ਲਲਕਾਰ) ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਸਟੂਡੈਂਟਸ ਸੈਂਟਰ ਵਿੱਚ ਡੀਐੱਸਡਬਲਿਉ ਦਫ਼ਤਰ ਵੱਲ ਵਧੇ ਜਿੱਥੇ ਉਨ੍ਹਾਂ ਦੀ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨਾਲ ਮਾਮੂਲੀ ਝੜਪ ਵੀ ਹੋਈ ਅਤੇ ਪੁਲੀਸ ਨੇ ਦਫ਼ਤਰ ਵਿੱਚ ਪਹੁੰਚਣ ਤੋਂ ਰੋਕ ਦਿੱਤਾ। ਵਿਦਿਆਰਥੀਆਂ ਨੇ ਡੀਨ ਵਿਦਿਆਰਥੀ ਭਲਾਈ ਦੇ ਨਾਂ ਕੁੱਲ ਨੌਂ ਮੰਗਾਂ ਵਾਲਾ ਇੱਕ ਮੰਗ ਪੱਤਰ ਭੇਜਿਆ। ਮੰਗ ਪੱਤਰ ਭੇਜਣ ਉਪਰੰਤ ਡੀਐੱਸਡਬਲਿਊ, ਐਸੋਸੀਏਟ ਡੀਐੱਸਡਬਲਿਊ ਅਤੇ ਕੁਝ ਹੋਸਟਲਾਂ ਦੇ ਵਾਰਡਨਾਂ ਨਾਲ ਮੀਟਿੰਗ ਵੀ ਹੋਈ। ਮੀਟਿੰਗ ਵਿੱਚ ਅਥਾਰਿਟੀ ਮੰਨਣ ਪ੍ਰਤੀ ਸਹਿਮਤੀ ਦਿੱਤੀ ਗਈ ਜਿਸ ਉਪਰੰਤ ਰੋਸ ਪ੍ਰਦਰਸ਼ਨ ਸਮਾਪਤ ਹੋਇਆ। ਵਿਦਿਆਰਥੀ ਆਗੂ ਅਮਨਦੀਪ ਸਿੰਘ ਨੇ ਕਿਹਾ ਕਿ ਅੱਜ ਭਾਵੇਂ ਕਿ ਅਥਾਰਿਟੀ ਨੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਪ੍ਰੰਤੂ ਜੇਕਰ ਜਲਦੀ ਤੋਂ ਜਲਦੀ ਇਸ ਭਰੋਸੇ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਵਿਦਿਆਰਥੀ ਵੱਡਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।