ਪੱਤਰ ਪ੍ਰੇਰਕ
ਚੰਡੀਗੜ੍ਹ, 13 ਅਕਤੂਬਰ
ਪੀਜੀਆਈ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਹੌਸਪਿਟਲ ਅਟੈਂਡੈਂਟਸ ਅਤੇ ਸੈਨੇਟਰੀ ਅਟੈਂਡੈਂਟਸ (ਸਫ਼ਾਈ ਕਰਮਚਾਰੀਆਂ) ਵੱਲੋਂ ਆਪਣੀਆਂ ਤਨਖਾਹਾਂ ਮਿਲਣ ਵਿੱਚ ਦੇਰੀ ਅਤੇ ਤਨਖਾਹਾਂ ਵਧੇ ਹੋਏ ਡੀ.ਸੀ. ਰੇਟਾਂ ਮੁਤਾਬਕ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਯੂਨੀਅਨਾਂ ਦੇ ਸੱਦੇ ਉਤੇ ਸਾਰੇ ਸਬੰਧਿਤ ਕਰਮਚਾਰੀ ਆਪੋ ਆਪਣੇ ਕੰਮ ਛੱਡ ਕੇ ਧਰਨੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੇ ਪੀਜੀਆਈ ਅਥਾਰਿਟੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪੀਜੀਆਈ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਜੀਵ ਕਨੌਜੀਆ ਅਤੇ ਪੀ.ਜੀ.ਆਈ. ਸਫ਼ਾਈ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਸ੍ਰੀਪਾਲ ਨੇ ਕਿਹਾ ਕਿ ਹੌਸਪਿਟਲ ਅਟੈਂਡੈਂਟਸ ਅਤੇ ਸੈਨੇਟਰੀ ਅਟੈਂਡਟਸ ਨੂੰ ਤਨਖਾਹਾਂ ਵਿੱਚ ਛੇ ਮਹੀਨੇ ਪਹਿਲਾਂ ਵਧਾਏ ਹੋਏ ਡੀ.ਸੀ. ਰੇਟ ਹਾਲੇ ਤੱਕ ਵੀ ਨਹੀਂ ਦਿੱਤੇ ਗਏ। ਇਸ ਤੋਂ ਇਲਾਵਾ ਕਿਚਨ ਡਿਪਾਰਟਮੈਂਟ ਦੇ ਰਿਲੀਵਰਾਂ ਨੂੰ ਤਨਖਾਹ ਕਾਫ਼ੀ ਘੱਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰਮਚਾਰੀਆਂ ਦੀਆਂ ਦੋਵੇਂ ਸ਼੍ਰੇਣੀਆਂ ਨੂੰ ਵਧੇ ਹੋਏ ਡੀ.ਸੀ. ਰੇਟਾਂ ਮੁਤਾਬਕ ਅਤੇ ਸਮੇਂ ਸਿਰ ਦਿੱਤੇ ਜਾਣ ਦਾ ਭਰੋਸਾ ਨਹੀਂ ਮਿਲਦਾ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਸਵੇਰ ਤੋਂ ਸ਼ੁਰੂ ਹੋਏ ਧਰਨੇ ਉਪਰੰਤ ਮੈਡੀਕਲ ਸੁਪਰਡੰਟ ਨੇ ਯੂਨੀਅਨ ਦੇ ਵਫ਼ਦ ਨੂੰ ਸੱਦਾ ਭੇਜ ਕੇ ਆਪਣੇ ਦਫ਼ਤਰ ਬੁਲਾਇਆ ਜਿਸ ਦੌਰਾਨ ਵਫ਼ਦ ਨੂੰ ਨਵੇਂ ਡੀ.ਸੀ. ਰੇਟਾਂ ਮੁਤਾਬਕ ਤਨਖਾਹਾਂ ਰਿਲੀਜ਼ ਕਰਨ ਦਾ ਭਰੋਸਾ ਦਿੱਤਾ।