ਬਹਾਦਰਜੀਤ ਸਿੰਘ
ਰੂਪਨਗਰ, 12 ਸਤੰਬਰ
ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੇ 7ਵੇਂ ਦਿਨ ਵੀ ਜਾਰੀ ਰਹੀ ਜਥੇਬੰਦੀ ਵੱਲੋਂ ਕੀਤੇ ਐਲਾਨ ਮੁਤਾਬਕ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਅੱਗੇ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਜਥੇਬੰਦੀ ਦੀਆਂ ਮੰਗਾਂ ਨੂੰ ਜਾਇਜ਼ ਤੇ ਹੱਕੀ ਦੱਸਦੇ ਹੋਏ ਮੁੱਖ ਮੰਤਰੀ ਪੰਜਾਬ ਨਾਲ ਆਪ ਨਿੱਜੀ ਤੌਰ ’ਤੇ ਗੱਲ ਕਰਕੇ ਅਗਲੀ ਮੀਟਿੰਗ ’ਚ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
ਇਸੇ ਤਰ੍ਹਾਂ ਵਿਧਾਨ ਸਭਾ ਸਪੀਕਰ ਨੇ ਵੀ ਮੰਗਾਂ ਨੂੰ ਜਾਇਜ਼ ਦੱਸਦੇ ਹੋਏ ਆਪਣੇ ਪੀਏ ਰਾਹੀਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਇਨ੍ਹਾਂ ਦੋਹਾਂ ਆਗੂਆਂ ਦੇ ਦਿਵਾਏ ਵਿਸ਼ਵਾਸ ਕਰਕੇ ਜਥੇਬੰਦੀ ਵੱਲੋਂ ਆਪਣਾ ਧਰਨਾ ਰੂਪਨਗਰ ਦੇ ਨਵੇਂ ਬੱਸ ਅੱਡੇ ’ਤੇ ਲਗਾਇਆਂ ਗਿਆ ਤੇ ਆਸ ਪ੍ਰਗਟਾਈ ਕਿ 14 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜ਼ਰੂਰ ਪੂਰਾ ਕਰੇਗੀ।
ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਆਗੂ ਸ਼ਿਵ ਕੁਮਾਰ ਨੇ 13 ਸਤੰਬਰ ਨੂੰ ਹੋਣ ਵਾਲੇ ਵਿਸ਼ਾਲ ਢੋਲ ਮਾਰਚ ਬਾਰੇ ਵਰਕਰਾਂ ਨੂੰ ਜਾਣਕਾਰੀ ਦਿੱਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਡਿਪੂ ਪ੍ਰਧਾਨ ਕੁਲਵੰਤ ਸਿੰਘ, ਰਾਮ ਦਿਆਲ ਪ੍ਰਧਾਨ ਨੰਗਲ ਤੇ ਪੀਆਰਟੀ ਸੀ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਸਿੰਘ ਨੇ ਸਰਕਾਰ ਤੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਡਿਪੂ ਮੈਨੇਜਰਾਂ ਰਾਹੀਂ ਸਮੂਹ ਕਰਮਚਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਕਿ ਇਹ ਹੜਤਾਲ ਗੈਰਕਾਨੂੰਨੀ ਹੈ, ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਵਸੂਲੀ ਨੋਟਿਸ ਤੇ ਕੰਟਰੈਕਟ ਖਤਮ ਕਰਨ ਦੇ ਪੱਤਰ ਡਾਕ ਰਾਹੀਂ ਘਰ ਭੇਜੇ ਜਾ ਰਹੇ ਹਨ ਤੇ ਦੂਜੇ ਪਾਸੇ ਮੈਨੇਜਮੈਂਟ ਤੇ ਸਰਕਾਰ ਹੜਤਾਲੀ ਵਰਕਰਾਂ ਨੂੰ ਵਾਪਿਸ ਡਿਉਟੀ ’ਤੇ ਲਿਆਉਣ ਲਈ ਗੱਲਬਾਤ ਤੇ ਮੀਟਿੰਗਾਂ ਕਰ ਰਹੀ ਹੈ, ਜਦੋਂਕਿ ਇਸ ਹੜਤਾਲ ਸਬੰਧੀ ਯੂਨੀਅਨ ਵੱਲੋਂ ਲਿਖਤੀ ਨੋਟਿਸ 40 ਦਿਨ ਪਹਿਲਾਂ ਦਿੱਤਾ ਗਿਆ ਸੀ ਤੇ ਹੜਤਾਲ ਸਬੰਧੀ ਟਰਾਂਸਪੋਰਟ ਮੰਤਰੀ, ਟਰਾਂਸਪੋਰਟ ਸਕੱਤਰ, ਡੀਐੱਸਟੀ ਪੰਜਾਬ, ਪੀਆਰਟੀਸੀ ਦੇ ਐੱਮਡੀ ਨਾਲ ਕਈ ਮੀਟਿੰਗਾਂ ਵੀ ਹੋਈਆਂ ਹਨ।
ਇਸ ਮੌਕੇ ਰੂਪਨਗਰ ਡਿਪੂ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਐਲਾਨ ਕੀਤਾ ਕਿ ਜੇ ਕੋਈ ਵੀ ਅਧਿਕਾਰੀ ਜਾਂ ਰਿਟਾਇਰੀ ਕਰਮਚਾਰੀ ਸਾਡੇ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ: ਰੂਪਨਗਰ ਵਿੱਚ ਧਰਨਾ ਦਿੰਦੇ ਹੋਏ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਕਾਮੇ।- ਫੋਟੋ: ਬਹਾਦਰਜੀਤ ਸਿੰਘ