ਪੱਤਰ ਪ੍ਰੇਰਕ
ਚੰਡੀਗੜ੍ਹ, 23 ਨਵੰਬਰ
ਐੱਮਸੀ ਵਰਕਰਜ਼ ਯੂਨੀਅਨ ਵੱਲੋਂ ਅੱਜ ਪਖਾਨਿਆਂ ’ਤੇ ਕੰਮ ਕਰਨ ਵਾਲੇ ਵਰਕਰਾਂ ਦੀਆਂ ਮੰਗਾਂ ਸਬੰਧੀ ਮਨੀਮਾਜਰਾ ਸਥਿਤ ਐੱਮਸੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਯੂਨੀਅਨ ਦੇ ਪ੍ਰਧਾਨ ਸੁਰਮੁਖ ਸਿੰਘ ਨੇ ਦੱਸਿਆ ਕਿ ਐੱਮਓਯੂ ਤਹਿਤ ਇਸ ਖੇਤਰ ਦੇ ਨਿਗਮ ਕੌਂਸਲਰ ਨੇ ਆਪਣੀ ਸੰਸਥਾ ਬਣਾ ਕੇ ਵਾਰਡ ਨੰਬਰ 26 ਦੇ ਪਖਾਨਿਆਂ ਨੂੰ ਲੈ ਲਿਆ ਹੈ ਜਿਸ ਦੀ ਤਰੀਕ 1 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਕਰਕੇ ਇਨ੍ਹਾਂ ਪਖਾਨਿਆਂ ਉੱਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਆਪਣੀ ਨੌਕਰੀ ਖ਼ਤਰੇ ਵਿੱਚ ਨਜ਼ਰ ਆ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਪਖਾਨਿਆਂ ਨੂੰ ਠੇਕੇ ਉੱਤੇ ਹੀ ਦਿੱਤਾ ਜਾਵੇ ਤਾਂ ਜੋ ਇਨ੍ਹਾਂ ਵਰਕਰਾਂ ਦੇ ਰੁਜ਼ਗਾਰ ਵੀ ਚੱਲਦੇ ਰਹਿ ਸਕਣ ਅਤੇ ਪਖਾਨਿਆਂ ਦੀ ਸਾਫ਼ ਸਫ਼ਾਈ ਦਾ ਕੰਮ ਵੀ ਠੀਕ ਚੱਲਦਾ ਰਹਿ ਸਕੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਪਹਿਲਾਂ ਹੀ ਸਫ਼ਾਈ ਪੱਖੋਂ ਪਛੜ ਚੁੱਕਾ ਹੈ ਪਰ ਹੁਣ ਜੇਕਰ ਪਖਾਨਿਆਂ ਦਾ ਕੰਮ ਕਾਜ ਕਿਸੇ ਸੰਸਥਾ ਨੂੰ ਦਿੱਤਾ ਗਿਆ ਤਾਂ ਸਫ਼ਾਈ ਵਿਵਸਥਾ ਹੋਰ ਖਰਾਬ ਹੋ ਜਾਵੇਗੀ। ਵਾਲਮੀਕਿ ਕਲਿਆਣ ਕਮੇਟੀ ਮਨੀਮਾਜਰਾ ਦੇ ਸਾਬਕਾ ਪ੍ਰਧਾਨ ਸਾਧੂ ਰਾਮ ਨੇ ਮੰਗ ਕੀਤੀ ਕਿ ਪਖਾਨਿਆਂ ਉੱਤੇ ਕੰਮ ਕਰਦੇ ਕਰਮਚਾਰੀਆਂ ਨੂੰ ਪਹਿਲਾਂ ਵਾਂਗ ਕੰਟਰੈਕਟ ਆਧਾਰ ਉੱਤੇ ਹੀ ਰੱਖਿਆ ਜਾਵੇ ਅਤੇ ਨਿਗਮ ਕੌਂਸਲਰ ਨਾਲ ਕੀਤਾ ਹੋਇਆ ਸਮਝੌਤਾ ਖ਼ਤਮ ਕੀਤਾ ਜਾਵੇ।