ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 20 ਜਨਵਰੀ
ਮੁਹਾਲੀ ਦੇ ਜਿਮ ਅਤੇ ਫਿਟਨੈੱਸ ਸੈਂਟਰਾਂ ਦੇ ਮਾਲਕਾਂ ਟਰੇਨਰਾਂ ਅਤੇ ਸਟਾਫ਼ ਵੱਲੋਂ ਜਿਮ ਅਤੇ ਫਿਟਨੈੱਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਖ਼ਿਲਾਫ਼ ਗਰੇਟਰ ਪੰਜਾਬ ਜਿਮ ਐਸੋਸੀਏਸ਼ਨ ਦੇ ਬੈਨਰ ਹੇਠ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ। ਧਰਨਕਾਰੀਆਂ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਮੁਹਾਲੀ ਏਅਰਪੋਰਟ ਸੜਕ ’ਤੇ ਚੱਕਾ ਜਾਮ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਭੜਾਸ ਕੱਢੀ। ਐਸੋਸੀਏਸ਼ਨ ਦੇ ਆਗੂ ਅਭਿਸ਼ੇਕ ਕੁਮਾਰ ਤੇ ਹੋਰਨਾਂ ਨੇ ਕਿਹਾ ਕਿ ਇਹ ਤੀਜੀ ਵਾਰੀ ਹੈ ਜਦੋਂ ਜਿਮ ਅਤੇ ਫਿਟਨੈੱਸ ਸੈਂਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿਮ ਟਰੇਨਰਾਂ, ਮਾਲਕਾਂ, ਸਟਾਫ਼, ਹਾਊਸ ਕੀਪਿੰਗ ਅਤੇ ਜਿੰਮ ਵਿੱਚ ਕਸਰਤ ਕਰਨ ਲਈ ਆਉਣ ਵਾਲੇ ਮੈਂਬਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਮੰਗ ਕੀਤੀ ਕਿ ਜਿੰਮ ਅਤੇ ਫਿਟਨੈੱਸ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪ੍ਰਸ਼ਾਸਨ ਨੇ ਜਿੰਮ ਅਤੇ ਫਿਟਨੈੱਸ ਸੈਂਟਰ ਖੋਲ੍ਹਣ ਦੀ ਆਗਿਆ ਨਾ ਦਿੱਤੀ ਤਾਂ ਉਹ ਸੋਹਾਣਾ ਚੌਕ ਵਿੱਚ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਇਸ ਦੌਰਾਨ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੌਕੇ ’ਤੇ ਪਹੁੰਚੇ ਅਤੇ ਜਿਮ ਮਾਲਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਜਾਮ ਖੋਲ੍ਹਣ ਦੀ ਅਪੀਲ ਕੀਤੀ ਪ੍ਰੰਤੂ ਧਰਨਾਕਾਰੀ ਜਿੰਮ ਖੋਲ੍ਹਣ ਦੀ ਆਗਿਆ ਦੇਣ ਦੀ ਮੰਗ ’ਤੇ ਅੜੇ ਰਹੇ ਜਿਸ ’ਤੇ ਸ੍ਰੀ ਸਿੱਧੂ ਨੇ ਡੀਸੀ ਨਾਲ ਫੋਨ ’ਤੇ ਗੱਲ ਕੀਤੀ ਜਿਨ੍ਹਾਂ ਦੱਸਿਆ ਕਿ ਕਰੋਨਾ ਦਾ ਪ੍ਰਕੋਪ ਵਧਣ ਕਾਰਨ ਜਿਮ ਬੰਦ ਕੀਤੇ ਗਏ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਉਹ ਗ੍ਰਹਿ ਵਿਭਾਗ ਨਾਲ ਵੀ ਗੱਲ ਕਰਨਗੇ ਅਤੇ ਜੇਕਰ ਲੋੜ ਪਈ ਤਾਂ ਉਹ ਖ਼ੁਦ ਨੌਜਵਾਨਾਂ ਨਾਲ ਧਰਨੇ ’ਤੇ ਬੈਠਣਗੇ।