ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ (ਮੁਹਾਲੀ), 23 ਦਸੰਬਰ
ਪਿੰਡ ਬਾਸਮਾਂ ਬਨੂੜ ਦੀ ਫੈਕਟਰੀ ਫਰੂਡਨਬਰਗ ਨੋਕ ਦੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਫੈਕਟਰੀ ਕਾਮਿਆਂ ਵੱਲੋਂ ਆਪਣੀ ਯੂਨੀਅਨ ਨੂੰ ਰਜਿਸਟਰਡ ਕਰਾਉਣ ਲਈ ਲਗਾਏ ਦਿਨ ਰਾਤ ਦੇ ਧਰਨੇ ਦੇ ਦਸਵੇਂ ਦਿਨ ਅੱਜ ਧਰਨਾਕਾਰੀਆਂ ਨੇ ਕਿਰਤ ਵਿਭਾਗ ਦਾ ਗੇਟ ਮੁਕੰਮਲ ਬੰਦ ਕਰਕੇ ਧਰਨਾ ਲਾਇਆ। ਗੇੇਟ ਬੰਦ ਹੋਣ ਕਾਰਨ ਦਫ਼ਤਰ ਦਾ ਕੋਈ ਵੀ ਮੁਲਾਜ਼ਮ ਅੰਦਰ ਨਹੀਂ ਜਾ ਸਕਿਆ। ਧਰਨਾਕਾਰੀਆਂ ਨੇ ਇਸ ਮੌਕੇ ਵਿਭਾਗੀ ਅਧਿਕਾਰੀਆਂ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਵਿਭਾਗ ਉਨ੍ਹਾਂ ਦੀ ਯੂਨੀਅਨ ਰਜਿਸਟਰਡ ਕਰਕੇ ਉਨ੍ਹਾਂ ਨੂੰ ਸਰਟੀਫ਼ਿਕੇਟ ਨਹੀਂ ਦਿੰਦਾ, ਉਦੋਂ ਤੱਕ ਗੇਟ ਦਾ ਘਿਰਾਓ ਕਰਕੇ ਇੱਥੇ ਹੀ ਧਰਨਾ ਜਾਰੀ ਰੱਖਿਆ ਜਾਵੇਗਾ। ਕਿਰਤੀਆਂ ਦੇ ਧਰਨੇ ਵਿੱਚ ਅੱਜ ਸਮਾਜਿਕ ਕਾਰਕੁਨ ਡਾ. ਪਿਆਰੇ ਲਾਲ ਗਰਗ ਨੇ ਸ਼ਮੂਲੀਅਤ ਕਰਦਿਆਂ ਸਮਰਥਨ ਦੇਣ ਦਾ ਐਲਾਨ ਕੀਤਾ। ਧਰਨੇ ਨੂੰ ਏਟਕ ਦੇ ਸੂਬਾਈ ਮੀਤ ਪ੍ਰਧਾਨ ਵਿਨੋਦ ਚੁੱਘ ਕਾਮਰੇਡ ਦਿਲਦਾਰ ਸਿੰਘ, ਐਡਵੋਕੇਟ ਜਸਪਾਲ ਸਿੰਘ ਦੱਪਰ, ਗੁਰਵਿੰਦਰ ਸਿੰਘ ਧੁੰਮ, ਕਾਮਰੇਡ ਅਮਰਜੀਤ ਸਿੰਘ ਰਾਜਪੁਰਾ ਸਮੇਤ ਟਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।