ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੁਲਾਈ
ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਅਦਾਰੇ ਵਿੱਚ ਕਿਲੋਮੀਟਰ ਸਕੀਮ ਤਹਿਤ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਤੀਜੀ ਵਾਰ ਕੀਤੇ ਗਏ ਟੈਂਡਰ ਖਿਲਾਫ਼ ਅੱਜ ਸੀ.ਟੀ.ਯੂ. ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਵੱਲੋਂ ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਸਥਿਤ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਵਿੱਚ ਸ਼ਾਮਲ ਕਾਮਿਆਂ ਨੇ ਸੀ.ਟੀ.ਯੂ. ਮੈਨੇਜਮੈਂਟ ਅਤੇ ਯੂ.ਟੀ. ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਉਕਤ ਟੈਂਡਰ ਰੱਦ ਕਰਨ ਸਮੇਤ ਹੋਰ ਕਈ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਉਪ ਪ੍ਰਧਾਨ ਗੁਲਾਬ ਸਿੰਘ, ਕੈਸ਼ੀਅਰ ਗੁਰਪ੍ਰੀਤ ਸਿੰਘ ਪਨੈਚਾਂ ਨੇ ਕਿਹਾ ਕਿ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਸੀ.ਟੀ.ਯੂ. ਦਾ ਨਿੱਜੀਕਰਨ ਕਰਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ ਜਿਸ ਕਾਰਨ ਅਦਾਰੇ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈਣ ਲਈ ਤੀਸਰੀ ਵਾਰ ਫਿਰ ਟੈਂਡਰ ਲਗਾ ਦਿੱਤਾ ਗਿਆ ਹੈ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀ.ਟੀ.ਯੂ. ਦੀਆਂ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਕਰਕੇ ਸੀ.ਟੀ.ਯੂ. ਵਿੱਚ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾਵੇ ਅਤੇ ਖਾਲੀ ਪਈਆਂ ਰੈਗੂਲਰ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ। ਧਰਨੇ ਨੂੰ ਮੁਲਾਜ਼ਮ ਆਗੂਆਂ ਦਵਿੰਦਰ ਸਿੰਘ, ਅਜ਼ਾਦ ਸਿੰਘ, ਨਰਿੰਦਰ ਸਿੰਘ, ਸ਼ੇਰ ਸਿੰਘ, ਰਵਿੰਦਰ ਸਿੰਘ ਤੇ ਬਲਰਾਜ ਸਿੰਘ ਨੇ ਵੀ ਸੰਬੋਧਨ ਕੀਤਾ।