ਕੁਲਦੀਪ ਸਿੰਘ
ਚੰਡੀਗੜ੍ਹ, 21 ਫਰਵਰੀ
ਸੀਟੀਯੂ ਅਦਾਰੇ ਵਿੱਚ ਕਿਲੋਮੀਟਰ ਸਕੀਮ ਵਿੱਚ ਖਰੀਦੀਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਅਤੇ ਸਿੱਧੇ-ਅਸਿੱਧੇ ਢੰਗ ਨਾਲ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ ਸੀਟੀਯੂ ਕਾਮਿਆਂ ਦੇ ਸਾਂਝੇ ਮੋਰਚੇ ਵੱਲੋਂ ਯੂਟੀ ਸਕੱਤਰੇਤ ਵੱਲ ਰੋਸ ਮਾਰਚ ਦੀ ਪਹਿਲਾਂ ਤੋਂ ਹੀ ਕੀਤੀ ਗਈ ਘੋਸ਼ਣਾ ਤਹਿਤ ਸੈਕਟਰ 17 ਸਥਿਤ ਬੱਸ ਅੱਡੇ ਵਿੱਚ ਧਰਨਾ ਦਿੱਤਾ ਗਿਆ।
ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਜਨਰਲ ਸਕੱਤਰ ਸਤਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਤੇਜਵੀਰ ਸਿੰਘ, ਸੀਨੀਅਰ ਆਗੂ ਰਣਜੀਤ ਸਿੰਘ ਹੰਸ ਨੇ ਕਿਹਾ ਕਿ ਸੀ.ਟੀ.ਯੂ. ਦੇ ਮੁਲਾਜ਼ਮ ਪਿਛਲੇ 78 ਦਿਨਾਂ ਤੋਂ ਕਿਲੋਮੀਟਰ ਸਕੀਮ ਵਿੱਚ ਲਈਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿਰੋਧ ਅਤੇ ਖਾਲੀ ਅਸਾਮੀਆਂ ਭਰਨ ਲਈ ਭੁੱਖ ਹੜਤਾਲ ’ਤੇ ਬੈਠੇ ਹਨ ਪਰ ਕਿਸੇ ਅਧਿਕਾਰੀ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਜਦੋਂ ਕਾਮਿਆਂ ਨੇ ਯੂ.ਟੀ. ਸਕੱਤਰੇਤ ਵੱਲ ਰੋਸ ਮਾਰਚ ਦੀ ਤਿਆਰੀ ਕਰ ਲਈ ਤਾਂ ਪਹਿਲਾਂ ਤਾਂ ਸੀ.ਟੀ.ਯੂ. ਦੇ ਅਧਿਕਾਰੀਆਂ ਵੱਲੋਂ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕੀਤੀ ਗਈ ਜਿਸ ਉਪਰੰਤ ਰਾਜਪਾਲ ਦੇ ਸਲਾਹਕਾਰ ਨਾਲ ਮੀਟਿੰਗ ਕਰਵਾਈ ਗਈ। ਮੀਟਿੰਗ ਉਪਰੰਤ ਵਫ਼ਦ ਨੇ ਧਰਨੇ ਵਿੱਚ ਆ ਕੇ ਦੱਸਿਆ ਕਿ ਸਲਾਹਕਾਰ ਨੇ ਉਨ੍ਹਾਂ ਦੀ ਗੱਲ ਨੂੰ ਗਹੁ ਨਾਲ ਸੁਣਿਆ ਅਤੇ ਬਹੁਤ ਜਲਦ ਇੱਕ ਲੰਬੀ ਮੀਟਿੰਗ ਕਰ ਕੇ ਪੂਰੀ ਗੱਲਬਾਤ ਦਾ ਭਰੋਸਾ ਦਿੱਤਾ ਜਿਸ ਉਪਰੰਤ ਧਰਨਾ ਸਮਾਪਤ ਕੀਤਾ ਗਿਆ। ਯੂਨੀਅਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਟੀਯੂ ਦੀਆਂ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਰੱਦ ਕਰ ਕੇ ਸੀਟੀਯੂ ਵਿੱਚ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾਵੇ। ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਤੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮ ਲਤਾ, ਦਮਨਪ੍ਰੀਤ ਸਿੰਘ, ਕੁਲਦੀਪ ਕੁਮਾਰ, ਮੁਲਾਜ਼ਮ ਆਗੂ ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ ਪੰਜਾਬੀ ਮੰਚ ਤੋਂ ਦੇਵੀ ਦਿਆਲ ਸ਼ਰਮਾ, ਏਟਕ ਤੋਂ ਰਾਜ ਕੁਮਾਰ, ਮੁਲਾਜ਼ਮਾਂ ਦੀ ਕੋਆਰਡੀਨੇਸ਼ਨ ਕਮੇਟੀ ਤੋਂ ਰਾਜ ਕੁਮਾਰ ਸਮੇਤ, ਨਸੀਬ ਜਾਖੜ ਤੇ ਰਾਜਿੰਦਰ ਕਟੋਚ ਨੇ ਯੂਟੀ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਭਾਜਪਾ ਦੀ ਨਿਖੇਧੀ ਕਰਦਿਆਂ ਸੀਟੀਯੂ ਨੂੰ ਬਚਾਉਣ ਦੀ ਅਪੀਲ ਕੀਤੀ। ਇਸ ਮੌਕੇ ਮੁਲਾਜ਼ਮ ਆਗੂ ਕਰਤਾਰ ਸਿੰਘ ਪਾਲ ਤੇ ਬਿਪਿਨ ਸ਼ੇਰ ਸਿੰਘ ਹਾਜ਼ਰ ਸਨ।