ਕੁਲਦੀਪ ਸਿੰਘ
ਚੰਡੀਗੜ੍ਹ, 20 ਜੁਲਾਈ
ਸੀਟੀਯੂ ਵਿੱਚ ਕਿਲੋਮੀਟਰ ਸਕੀਮ ਅਧੀਨ ਪਾਈਆਂ ਜਾ ਰਹੀਆਂ ਨਵੀਆਂ ਬੱਸਾਂ ਦੇ ਵਿਰੋਧ ਵਿੱਚ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਸਾਂਝਾ ਮੋਰਚਾ) ਵੱਲੋਂ ਅੱਜ ਸੈਕਟਰ 17 ਦੇ ਬੱਸ ਅੱਡੇ ਵਿਖੇ ਧਰਨਾ ਦਿੱਤਾ ਗਿਆ। ਯੂਨੀਅਨ ਦਾ ਪ੍ਰੋਗਰਾਮ ਯੂ.ਟੀ. ਸਕੱਤਰੇਤ ਵੱਲ ਪੈਦਲ ਰੋਸ ਮਾਰਚ ਕਰਨ ਦਾ ਸੀ ਪ੍ਰੰਤੂ ਰੋਸ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਆਈ.ਏ.ਐਸ. ਨੇ ਯੂਨੀਅਨ ਆਗੂਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਗੱਲਬਾਤ ਸੁਣੀ ਅਤੇ ਮੰਗ ਪੱਤਰ ਲਿਆ।
ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਮੁਲਾਜ਼ਮ ਪਿਛਲੇ ਕਿਲੋਮੀਟਰ ਸਕੀਮ ਵਿੱਚ ਲਿਆਂਦੀਆਂ ਜਾ ਰਹੀਆਂ ਪ੍ਰਾਈਵੇਟ ਬੱਸਾਂ ਦੇ ਵਿਰੋਧ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਹਨ। ਚੰਡੀਗੜ੍ਹ ਦੀ ਅਫ਼ਸਰਸ਼ਾਹੀ ਅਦਾਰੇ ਦਾ ਨਿੱਜੀਕਰਨ ਕਰਕੇ ਠੇਕੇਦਾਰੀ ਸਿਸਟਮ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਸਰਕਾਰੀ ਤੌਰ ’ਤੇ ਖਰੀਦਣ ਲਈ ਅਦਾਰੇ ਕੋਲ ਬਕਾਇੰਦਾ ਫੰਡ ਮੌਜੂਦ ਹੈ ਪ੍ਰੰਤੂ ਫਿਰ ਵੀ ਪ੍ਰਾਈਵੇਟ ਬੱਸਾਂ ਲਿਆਉਣੀਆਂ ਮੌਜੂਦਾ ਅਧਿਕਾਰੀਆਂ ਦੀ ਨੀਅਤ ਵਿੱਚ ਖੋਟ ਵੱਲ ਇਸ਼ਾਰਾ ਕਰਦਾ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਸੀ.ਟੀ.ਯੂ. ਵਿੱਚ ਨਿੱਜੀਕਰਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਤੋਂ ਮੰਗ ਕੀਤੀ ਕਿ 417 ਬੱਸਾਂ ਦਾ ਫਲੀਟ ਪੂਰਾ ਕੀਤਾ ਜਾਵੇ ਅਤੇ ਕਿਲੋਮੀਟਰ ਸਕੀਮ ਦੀਆਂ ਪ੍ਰਾਈਵੇਟ ਬੱਸਾਂ ਦੇ ਟੈਂਡਰ ਨੂੰ ਰੱਦ ਕਰਕੇ ਸਰਕਾਰੀ ਬੱਸਾਂ ਦੀ ਖਰੀਦ ਕੀਤੀ ਜਾਵੇ। ਖਾਲੀ ਪਈਆਂ ਰੈਗੂਲਰ ਪੋਸਟਾਂ ਨੂੰ ਤੁਰੰਤ ਭਰਿਆ ਜਾਵੇ। ਏਅਰਪੋਰਟ ਰੂਟ ’ਤੇ ਚੱਲ ਰਹੀਆਂ ਬੱਸਾਂ ਦੇ ਟਾਈਮ ਅਤੇ ਡਿਊਟੀ ਠੀਕ ਕੀਤੀ ਜਾਵੇ। ਡੀਜ਼ਲ ਵਿੱਚ ਡਰਾਇਵਰਾਂ ਦੀ ਹੋ ਰਹੀ ਖੱਜਲ ਖੁਆਰੀ ਬੰਦ ਕੀਤੀ ਜਾਵੇ। ਉਨ੍ਹਾਂ ਯੂ.ਟੀ. ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਵੇਗੀ। ਧਰਨੇ ਵਿੱਚ ਦਵਿੰਦਰ ਸਿੰਘ, ਬਲਰਾਜ ਸਿੰਘ, ਹਰਦੇਵ ਸਿੰਘ, ਗੁਰਮੇਲ ਸਿੰਘ ਦਾਰਾ ਆਦਿ ਮੌਜੂਦ ਸਨ।