ਹਰਜੀਤ ਸਿੰਘ
ਜ਼ੀਰਕਪੁਰ, 17 ਮਈ
ਨਗਰ ਕੌਂਸਲ ਵੱਲੋਂ ਲੰਘੇ ਕੱਲ੍ਹ ਇਥੋਂ ਦੀ ਪ੍ਰੀਤ ਕਲੋਨੀ ਵਿੱਚ ਤੋੜੀ ਗਈ ਇਕ ਉਸਾਰੀ ਖ਼ਿਲਾਫ਼ ਅੱਜ ਕਾਂਗਰਸ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਇਕਜੁੱਟ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਮੂਹ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੌਂਸਲ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਇਕ ਆਗੂ ਦੇ ਦਬਾਅ ਹੇਠ ਉੱਕਤ ਘਰ ਦੀ ਉਸਾਰੀ ਨੂੰ ਤੋੜਿਆ ਹੈ। ਪ੍ਰਦਰਸ਼ਨ ਕਰ ਰਹੇ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਅਤੇ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਤੇ ਕੌਂਸਲਰ ਯਾਦਵਿੰਦਰ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਨੇ ਕਿਹਾ ਕਿ ਹਰਜਿੰਦਰ ਸਿੰਘ ਸ਼ੀਨੂੰ ਦਾ ਪ੍ਰੀਤ ਕਲੋਨੀ ਵਿੱਚ ਤੀਹ ਸਾਲ ਪੁਰਾਣਾ ਇਕ ਮਕਾਨ ਹੈ, ਜਿਸ ਨੂੰ ਉਨ੍ਹਾਂ ਨੇ ਕਿਰਾਏ ’ਤੇ ਚੜ੍ਹਾਇਆ ਹੋਇਆ ਹੈ। ਆਮ ਆਦਮੀ ਪਾਰਟੀ ਦਾ ਇਕ ਆਗੂ ਇਸ ਘਰ ਦੀ ਪਹਿਲੀ ਮੰਜ਼ਲ ’ਤੇ ਜਾਣ ਲਈ ਉਸਾਰੀ ਪੌੜੀ ਨੂੰ ਲੰਮੇਂ ਸਮੇਂ ਤੋਂ ਤੁੜਵਾਉਣ ਲਈ ਸ਼ਿਕਾਇਤ ਕਰ ਰਿਹਾ ਹੈ। ਇਸ ਨੂੰ ਲੈ ਕੇ ਅਦਾਲਤ ਵਿੱਚ ਵੀ ਇਕ ਕੇਸ ਵਿਚਾਰ ਅਧੀਨ ਹੈ। ਉਨ੍ਹਾਂ ਨੇ ਦੱਸਿਆ ਕਿ ਲੰਘੇ ਕਲ੍ਹ ਕੌਂਸਲ ਅਧਿਕਾਰੀਆਂ ਨੇ ਸਵੇਰ ਉਕਤ ਪੌੜੀ ਨੂੰ ਹਟਾਉਣ ਸਬੰਧੀ ਨੋਟਿਸ ਦੇਣ ਮਗਰੋਂ ਕੁਝ ਘੰਟਿਆਂ ਬਾਅਦ ਹੀ ਭਾਰੀ ਪੁਲੀਸ ਫੋਰਸ ਦੀ ਮਦਦ ਨਾਲ ਇਸ ਨੂੰ ਤੁੜਵਾ ਦਿੱਤਾ। ਹੁਣ ਪਹਿਲੀ ਮੰਜ਼ਿਲ ’ਤੇ ਰਹਿਣ ਵਾਲੇ ਕਿਰਾਏਦਾਰਾਂ ਲਈ ਹੇਠਾਂ ਉੱਤਰਨਾ ਮੁਸ਼ਕਲ ਹੋ ਗਿਆ ਹੈ।
ਕੌਂਸਲ ਪ੍ਰਧਾਨ ਸ੍ਰੀ ਢਿੱਲੋਂ ਅਤੇ ਹੋਰਨਾਂ ਕੌਂਸਲਰਾਂ ਨੇ ਦੱਸਿਆ ਕਿ ਇਸ ਨੂੰ ਤੋੜਨ ਲਈ ਅਧਿਕਾਰੀਆਂ ਨੇ ਕਿਸੇ ਨੂੰ ਭਰੋਸੇ ਵਿੱਚ ਨਹੀਂ ਲਿਆ। ਸਗੋਂ ਇਹ ਸਾਰੀ ਕਾਰਵਾਈ ਆਮ ਆਦਮੀ ਪਾਰਟੀ ਦੇ ਆਗੂ ਦੇ ਦਬਾਅ ਹੇਠ ਕੀਤੀ ਗਈ ਹੈ।
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਨੇ ਦੱਸਿਆ ਕਿ ਇਹ ਪੌੜੀ ਨਾਜਾਇਜ਼ ਸੀ ਜਿਸ ਨੂੰ ਨਿਯਮਾਂ ਮੁਤਾਬਕ ਹਟਾਇਆ ਗਿਆ ਹੈ। ਗੱਲ ਕਰਨ ’ਤੇ ਹਲਕਾ ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਕੌਂਸਲ ਅਧਿਕਾਰੀਆਂ ਨੂੰ ਨਿਰਪੱਖ ਹੋ ਕੇ ਕੰਮ ਕਰਨ ਹਦਾਇਤ ਕੀਤੀ ਗਈ ਹੈ।