ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 29 ਸਤੰਬਰ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਾਰਕਿੰਗ ਫ਼ੀਸਾਂ ਵਿੱਚ ਕੀਤੇ ਵਾਧੇ ਖ਼ਿਲਾਫ਼ ਅੱਜ ਆਟੋ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਰੇਲਵੇ ਵਿਭਾਗ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪਾਰਕਿੰਗ ਫੀਸਾਂ ਘਟਾਉਣ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਮਹੀਨੇ ਦਾ ਪਾਸ ਬਣਵਾਉਣ ਲਈ ਪਹਿਲਾਂ ਕੈਬ ਚਾਲਕਾਂ ਨੂੰ 500 ਰੁਪਏ ਮਹੀਨਾ ਅਤੇ ਆਟੋ ਚਾਲਕਾਂ ਨੂੰ 300 ਰੁਪਏ ਅਦਾ ਕਰਨੇ ਪੈਂਦੇ ਸਨ। ਉਨ੍ਹਾਂ ਕਿਹਾ ਕਿ ਇਸ ਫੀਸ ਨੂੰ ਵਧਾ ਕੇ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੀਐੱਨਜੀ ਦੀਆਂ ਕੀਮਤਾਂ ਅਤੇ ਪਾਰਕਿੰਗ ਫੀਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਕੈਬ ਤੇ ਆਟੋ ਚਾਲਕ ਗਾਹਕਾਂ ਨੂੰ ਮੰਜ਼ਿਲ ’ਤੇ ਛੱਡਣ ਲਈ ਜੋ ਰਾਸ਼ੀ ਵਸੂਲਦੇ ਹਨ, ਉਸ ਦੀਆਂ ਦਰਾਂ ਪੁਰਾਣੀਆਂ ਹੀ ਚਲ ਰਹੀਆਂ ਹਨ। ਵਧੀਆਂ ਹੋਈਆਂ ਪਾਰਕਿਗ ਫੀਸਾਂ ਕਾਰਨ ਕੈਬ ਤੇ ਆਟੋ ਚਾਲਕਾਂ ਨੂੰ ਵਿੱਤੀ ਘਾਟਾ ਸਹਿਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਰੇਲਵੇ ਸਟੇਸ਼ਨ ’ਤੇ ਪਾਰਕਿੰਗ ਫੀਸਾਂ ਵਿੱਚ ਕੀਤਾ ਵਾਧਾ ਮੁੜ ਘਟਾਇਆ ਜਾਵੇ।