ਸਰਬਜੀਤ ਸਿੰਘ ਭੱਟੀ
ਲਾਲੜੂ, 24 ਮਈ
ਨਗਰ ਕੌਂਸਲ ਲਾਲੜੂ ਦੇ ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਨਾ ਦਿੱਤੇ ਜਾਣ ਦੇ ਰੋਸ ਵਜੋਂ ਦੂਜੇ ਦਿਨ ਵੀ ਹੜਤਾਲ ਜਾਰੀ ਰਹੀ, ਜਿਸ ਦੇ ਚੱਲਦਿਆਂ ਕਰਮਚਾਰੀਆਂ ਨੇ ਰੋਸ ਵਜੋਂ ਕੌਂਸਲ ਦਫ਼ਤਰ ਅੱਗੇ ਧਰਨਾ ਲਾ ਕੇ ਕੰਮ ਬੰਦ ਰੱਖਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ, ਚੇਅਰਮੈਨ ਸੁਖਵਿੰਦਰ ਸਿੰਘ, ਬਿੱਟੂ, ਹਰਪਾਲ ਸਣੇ ਮਹਿਲਾ ਸਫ਼ਾਈ ਕਰਮਚਾਰੀਆਂ ਨੇ ਦੱਸਿਆ ਕਿ ਸਾਰੇ ਸਫ਼ਾਈ ਸੇਵਕਾਂ ਨੂੰ ਕੌਂਸਲ ਵਲੋਂ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ, ਜਿਸ ਕਰਕੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਯੁਕਤੀ ਪੱਤਰ ਨਾ ਦਿੱਤੇ ਗਏ ਤਾਂ ਉਹ ਕੌਂਸਲ ਦਫਤਰ ਅੱਗੇ ਗੰਦਗੀ ਦੇ ਢੇਰ ਲਾ ਦੇਣਗੇ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਲਾਲੜੂ ਦੇ ਬਾਜ਼ਾਰ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਕੌਂਸਲ ਅਧਿਕਾਰੀਆਂ ਮੁਤਾਬਕ 46 ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਜਦੋਂਕਿ ਉਹ ਸਾਰਿਆਂ ਲਈ ਨਿਯੁਕਤੀ ਪੱਤਰਾਂ ਦੀ ਮੰਗ ’ਤੇ ਅੜੇ ਹੋਏ ਹਨ।