ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 18 ਦਸੰਬਰ
ਇਥੇ ਮੌਲੀ ਜੱਗਰਾਂ ਕਲੋਨੀ ਪਾਰਟ- 2 ਵਿੱਚ ਪਿਛਲੇ ਚਾਰ ਦਿਨਾਂ ਤੋਂ ਪਾਣੀ ਦੀ ਕਿੱਲਤ ਹੋਣ ਕਾਰਨ ਪ੍ਰੇਸ਼ਾਨ ਕਲੋਨੀ ਦੇ ਵਸਨੀਕਾਂ ਨੇ ਅੱਜ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਅੱਜ ਪੂਰਵਾਂਚਲ ਵਿਕਾਸ ਮਹਾਸੰਘ ਟਰਾਈਸਿਟੀ ਚੰਡੀਗੜ੍ਹ ਦੇ ਪ੍ਰਧਾਨ ਸ਼ਸ਼ੀ ਸ਼ੰਕਰ ਤਿਵਾੜੀ ਦੀ ਅਗਵਾਈ ਵਿੱਚ ਕਲੋਨੀ ਨਿਵਾਸੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਸਮੇਤ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪਾਣੀ ਦੀ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਸਨ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸ਼ਸ਼ੀ ਸ਼ੰਕਰ ਤਿਵਾੜੀ ਨੇ ਨਗਰ ਨਿਗਮ ਵਿੱਚ ਹਾਕਮ ਧਿਰ ਰਹੀ ਭਾਜਪਾ ਨੂੰ ਜੁਮਲੇਬਾਜ਼ ਪਾਰਟੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਸ਼ਹਿਰ ਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਤੇ ਭਾਜਪਾ ਆਗੂ ਨਿਗਮ ਚੋਣਾਂ ਵਿੱਚ ਮਗਨ ਹਨ। ਰੋਸ ਪ੍ਰਦਰਸ਼ਨ ਦੌਰਾਨ ਕਲੋਨੀ ਵਾਸੀ ਦੀਪ ਚੰਦ ਯਾਦਵ, ਨੂਰ ਮੁਹੰਮਦ, ਰਾਜਿੰਦਰ ਯਾਦਵ, ਬਾਸਮਤੀ, ਦਿਨੇਸ਼ ਕੁਮਾਰ ਤੇ ਲਾਲਮਤੀ ਸਮੇਤ ਵੱਡੀ ਗਿਣਤੀ ਵਿੱਚ ਹੋਰ ਨਿਵਾਸੀ ਸ਼ਾਮਲ ਸਨ।