ਅਜੇ ਮਲਹੋਤਰਾ
ਬਸੀ ਪਠਾਣਾਂ, 23 ਜੁਲਾਈ
ਕੌਂਸਲ ਆਫ ਡਿਪਲੋਮਾ ਇੰਜਨੀਅਰਾਂ ਵੱਲੋਂ ਪੰਜਾਬ ਸਰਕਾਰ ਦੇ ਸਰਕਾਰੀ, ਅਰਧ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਆਦਿ ਅਦਾਰਿਆਂ ਨੂੰ ਨਾਲ ਲੈ ਕੇ ਸਾਂਝੇ ਤੌਰ ’ਤੇ ਅੱਜ ਜਥੇਬੰਦੀ ਦੇ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ, ਸਕੱਤਰ ਜਨਰਲ ਸੁਖਵਿੰਦਰ ਸਿੰਘ ਬਾਂਗੋਵਾਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਦਾ ਵਿਰੋਧ ਕਰਦੇ ਹੋਏ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਧਰਨੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੂੰ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਆਪਣੀਆਂ ਜਾਇਜ਼ ਮੰਗਾਂ ਦੀ ਪੁਰਤੀ ਲਈ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲ੍ਹਾ ਕਨਵੀਨਰ ਫ਼ਤਹਿਗੜ੍ਹ ਸਾਹਿਬ ਸੁਰਜਨ ਸਿੰਘ, ਦਿਲਪ੍ਰੀਤ ਸਿੰਘ ਲੋਹਟ, ਕੁਲਬੀਰ ਸਿੰਘ ਬੈਨੀਪਾਲ ਆਦਿ ਨੇ ਆਪੋ-ਆਪਣੇ ਸੰਬੋਧਨ ’ਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਉਣ ਦੀ ਥਾਂ ਤਨਖਾਹਾਂ ਘਟਾਉਣ ਦਾ ਕੰਮ ਕਰਦੇ ਹੋਏ ਸ਼ਰ੍ਹੇਆਮ ਧੱਕਾ ਕੀਤਾ ਗਿਆ ਹੈ। ਜੱਥੇਬੰਦੀ ਵੱਲੋਂ ਸਰਬਸੰਮਤੀ ਨਾਲ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਨਾ ਮੰਨੀਆਂ ਗਈਆਂ ਤਾਂ ਉਹ ਮੋਤੀ ਮਹਿਲ ਪਟਿਆਲਾ ਦਾ ਘੇਰਾਓ ਕਰਨਗੇ। ਧਰਨੇ ਤੋਂ ਬਾਅਦ ਮੁਲਾਜ਼ਮ ਮਾਰੂ ਨੀਤੀਆਂ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਧਰਨੇ ਨੂੰ ਹਰਮਨਜੀਤ ਸਿੰਘ, ਹਰਪ੍ਰੀਤ ਸਿੰਘ ਮੋਹਾਲੀ ਨੇ ਵੀ ਸੰਬੋਧਨ ਕੀਤਾ।
ਪਟਵਾਰੀਆਂ ਅਤੇ ਕਾਨੂੰਨਗੋਆਂ ਵੱਲੋਂ ਧਰਨਾ
ਰੂਪਨਗਰ (ਪੱਤਰ ਪ੍ਰੇਰਕ): ਅੱਜ ਦਿ ਰੈਵੇਨਿਊ ਪਟਵਾਰ ਯੂਨੀਅਨ ਅਤੇ ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਰੂਪਨਗਰ ਵੱਲੋਂ ਪੰਜਾਬ ਬਾਡੀ ਦੇ ਆਦੇਸ਼ ਮੁਤਾਬਕ ਕਨਵੀਨਰ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਰੂਪਨਗਰ, ਸੁਰਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਰੂਪਨਗਰ ਤੇ ਕਾਨੂੰਨਗੋ ਗੁਰਮੇਲ ਸਿੰਘ, ਕਾਨੂੰਨਗੋ ਗੁਰਮੁੱਖ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੁਕਾਮ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਰੋਸ ਧਰਨਾ ਦਿੱਤਾ ਗਿਆ। ਬੁਲਾਰਿਆਂ ਨੇ ਸਰਕਾਰ ਵੱਲੋਂ ਪਟਵਾਰੀਆਂ ਤੇ ਕਾਨੂੰਨਗੋਆਂ ਦੀਆਂ ਮੰਗਾਂ ਨਾ ਮੰਨਣ ਦੀ ਨਿਖੇਧੀ ਕੀਤੀ ਗਈ। ਇਸ ਰੋਸ ਧਰਨੇ ਵਿੱਚ ਸਮੂਹ ਪਟਵਾਰੀ/ਕਾਨੂੰਨਗੋ ਤੇ ਸਮਾਜਿਕ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਧਰਨੇ ਨੂੰ ਹਰਨੇਕ ਸਿੰਘ ਜਨਰਲ ਸਕੱਤਰ, ਸੰਦੀਪ ਸਿੰਘ ਖ਼ਜ਼ਾਨਚੀ, ਕਾਨੂੰਨਗੋ ਗੁਰਦੀਪ ਸਿੰਘ, ਦਫ਼ਤਰ ਕਾਨੂੰਨਗੋ ਬਲਜੀਤ ਸਿੰਘ, ਕਾਨੂੰਨਗੋ ਰਾਮ ਲਾਲ ਨੇ ਸੰਬੋਧਨ ਕੀਤਾ।