ਸਰਬਜੀਤ ਸਿੰਘ ਭੱਟੀ
ਲਾਲੜੂ, 2 ਅਪਰੈਲ
ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਅਨੁਸਾਰ ਲਾਲੜੂ, ਡੇਰਾਬਸੀ ਅਤੇ ਜ਼ੀਰਕਪੁਰ ਨਗਰ ਕੌਂਸਲ ਵਿੱਚ ਪ੍ਰਧਾਨਗੀ ਦਾ ਅਹੁਦਾ ਜਨਰਲ ਸ਼੍ਰੇਣੀ ਲਈ ਹੋਣ ਕਾਰਨ ਹਲਕੇ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਦਲਿਤ ਆਗੂ ਭੁਪਿੰਦਰ ਸਿੰਘ ਜੰਡਲੀ, ਮਾਸਟਰ ਜਗਦੀਸ਼ ਰਾਮ, ਤਾਰਾ ਚੰਦ, ਬਚਿੱਤਰ ਸਿੰਘ, ਰਣਧੀਰ ਸਿੰਘ, ਜਸਵਿੰਦਰ ਸਿੰਘ, ਪਰਦੀਪ ਕੁਮਾਰ, ਲਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਹਮੇਸ਼ਾ ਦਲਿਤ ਭਾਈਚਾਰੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਸਰਕਾਰ ਨੇ ਨਗਰ ਕੌਂਸਲ ਚੋਣਾ ਸਮੇਂ ਕਥਿਤ ਤੌਰ ’ਤੇ ਵੱਡੇ ਪੱਧਰ ਤੇ ਧਾਂਦਲੀ ਕੀਤੀ ਅਤੇ ਆਪਣੇ ਚਹੇਤਿਆਂ ਨੂੰ ਜਿਤਾਇਆ।
ਦਾਅਵੇਦਾਰ ਹੋਏ ਸਰਗਰਮ
ਬਨੂੜ (ਪੱਤਰ ਪ੍ਰੇਰਕ): ਨਗਰ ਕੌਂਸਲ ਬਨੂੜ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨਗੀ ਜਨਰਲ ਹੀ ਰਹਿ ਗਈ ਹੈ। ਦੋਵੇਂ ਸੀਟਾਂ ਜਨਰਲ ਹੋਣ ਕਾਰਨ ਦਾਅਵੇਦਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਕੋਲ ਵੀ ਪਹੁੰਚ ਕੀਤੀ ਜਾ ਰਹੀ ਹੈ। ਦੋਵੇਂ ਅਹੁਦੇਦਾਰੀਆਂ ਉੱਤੇ ਕਾਂਗਰਸ ਦਾ ਕਬਜ਼ਾ ਹੋਣਾ ਤੈਅ ਹੈ। ਬਨੂੜ ਕੌਂਸਲ ਦੀ ਪ੍ਰਧਾਨਗੀ ਲਈ ਜਿਹੜੇ ਕਾਂਗਰਸੀ ਕੌਂਸਲਰ ਸਰਗਰਮ ਹਨ ਉਨ੍ਹਾਂ ਵਿੱਚ ਅਵਤਾਰ ਸਿੰਘ ਬਬਲਾ, ਪ੍ਰੀਤੀ ਵਾਲੀਆ, ਜਗਤਾਰ ਸਿੰਘ ਕੰਬੋਜ, ਭਜਨ ਲਾਲ ਉੱਤਮ, ਸੋਨੀ ਸੰਧੂ ਅਤੇ ਜਗਦੀਸ਼ ਕਾਲਾ ਸ਼ਾਮਲ ਹਨ। ਪਹਿਲਾਂ ਸ਼ਹਿਰ ਵਿੱਚ ਇਹ ਚਰਚਾ ਸੀ ਕਿ ਕੌਂਸਲ ਦੀ ਪ੍ਰਧਾਨਗੀ ਐਤਕੀਂ ਮਹਿਲਾਵਾਂ ਲਈ ਰਾਖਵੀਂ ਹੋਵੇਗੀ ਅਤੇ ਲਗਾਤਾਰ ਦੂਜੀ ਵੇਰ ਕੌਂਸਲਰ ਬਣੀ ਸ਼ਹਿਰੀ ਮਹਿਲਾ ਕਾਂਗਰਸ ਦੀ ਪ੍ਰਧਾਨ ਪ੍ਰੀਤੀ ਵਾਲੀਆ ਨੂੰ ਪ੍ਰਧਾਨ ਬਣਾਇਆ ਜਾਵੇਗਾ।