ਪੱਤਰ ਪ੍ਰੇਰਕ
ਚੰਡੀਗੜ੍ਹ, 6 ਜੁਲਾਈ
ਐਲਗਾਰ ਪ੍ਰੀਸ਼ਦ-ਮਾਓਵਾਦੀਆਂ ਦੇ ਸਬੰਧਾਂ ਬਾਰੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਾਦਰੀ ਸਟੈਨ ਸਵਾਮੀ ਦੀ ਜੇਲ੍ਹ ਵਿੱਚ ਹੋਈ ਮੌਤ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਅਧਿਆਪਕਾਂ, ਲੇਖਕਾਂ, ਵਕੀਲਾਂ, ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸੈਕਟਰ 17 ਸਥਿਤ ਪਲਾਜ਼ਾ ਵਿੱਚ ਕੇਂਦਰ ਵਿਚਲੀ ਮੋਦੀ ਸਰਕਾਰ ਖ਼ਿਲਾਫ਼ ਰੋਸ ਦਾ ਪ੍ਰਗਟਾਇਆ ਗਿਆ। ਵਿਦਿਆਰਥੀਆਂ ਨੇ ਹੱਥਾਂ ‘ਇਹ ਮੌਤ ਨਹੀਂ ਹੱਤਿਆ ਹੈ’, ‘ਸਰਕਾਰੀ ਦਹਿਸ਼ਤਗਰਦੀ ਮੁਰਦਾਬਾਦ’, ‘ਫਾਸੀਵਾਦੀ ਹਕੂਮਤ ਮੁਰਦਾਬਾਦ’ ਵਰਗੇ ਸਲੋਗਨ ਲਿਖੀਆਂ ਤਖ਼ਤੀਆਂ ਫੜ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬਜ਼ੁਰਗ ਸੰਘਰਸ਼ੀ ਯੋਧੇ ਸਟੇਨ ਸਵਾਮੀ ਦੀ ਯਾਦ ਵਿੱਚ ਦੀਵੇ ਅਤੇ ਮੋਮਬੱਤੀਆਂ ਬਾਲ਼ ਕੇ ਦੇਸ਼ ਵਿੱਚ ਪਸਰ ਰਹੇ ਹਨੇਰੇ ਨੂੰ ਸ਼ਰਮਸ਼ਾਰ ਕਰਨ ਦਾ ਵੀ ਯਤਨ ਕੀਤਾ। ਇਸ ਮੌਕੇ ਕਾਮਰੇਡ ਜੋਗਾ ਸਿੰਘ, ਸੱਜਣ ਸਿੰਘ, ਅਮੀਰਾ ਸੁਲਤਾਨਾ, ਪ੍ਰੋ. ਚਮਨ ਲਾਲ, ਐਡਵੋਕੇਟ ਐਚ.ਐਸ. ਬਾਠ, ਐਡਵੋਕੇਟ ਮਨਦੀਪ, ਐਡਵੋਕੇਟ ਜਸਪਾਲ ਦੱਪਰ, ਮਨਜੀਤ ਕੌਰ, ਪ੍ਰੋ. ਆਰ.ਐਨ. ਸ਼ਰਮਾ, ਐਡਵੋਕੇਟ ਦਵਿੰਦਰ, ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਤੋਂ ਸੰਦੀਪ, ਪੀਐੱਸਯੂ ਲਲਕਾਰ ਤੋਂ ਅਮਨਦੀਪ ਨੇ ਕਿਹਾ ਕਿ ਸਾਰੀ ਉਮਰ ਆਦਿਵਾਸੀਆਂ, ਦਲਿਤਾਂ ਅਤੇ ਪੱਛੜੇ ਸਮਾਜ ਲਈ ਕੰਮ ਕਰਨ ਵਾਲੇ ਸਟੈਨ ਸਵਾਮੀ ਦੀ ਮੌਤ ਹਿਰਾਸਤ ਵਿੱਚ ਹੋਈ ਹੈ ਜੋ ਕਿ ਸ਼ਰੇਆਮ ਸ਼ੱਕ ਦੇ ਘੇਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਸੀਂ ਫਾਸੀਵਾਦੀ ਭਾਰਤ ਦੇ ਰਾਜ ਦੀ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਸਵਾਮੀ ਦੀ ਮੌਤ ਦੀ ਨਿਆਂਇਕ ਜਾਂਚ ਕਰਵਾਈ ਜਾਵੇ।
ਕੇਂਦਰ ਗ੍ਰਹਿ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਰੂਪਨਗਰ, (ਪੱਤਰ ਪ੍ਰੇਰਕ): ਇੱਥੇ ਅੱਜ ਜਨਤਕ ਜਥੇਬੰਦੀਆਂ ਨੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਇਕੱਠੇ ਹੋ ਕੇ ਈਸਾਈ ਪਾਦਰੀ ਸਟੇਨ ਸਵਾਮੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਮੋਰਚੇ ਦੇ ਆਗੂ ਕੁਲਵੰਤ ਸਿੰਘ ਸੈਣੀ ਅਤੇ ਅਸ਼ੋਕ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਜਬਰੀ ਪੱਤਰਕਾਰਾਂ ਬੁੱਧੀਜੀਵੀਆਂ ਨੂੰ ਕਾਰਕੁਨਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਐਨਆਈਏ ਵੱਲੋਂ ਗ੍ਰਿਫਤਾਰ ਕੀਤੇ ਗਏ ਸਟੇਨ ਸਵਾਮੀ ਭੀਮਾ ਕੋਰੇਗਾਂਓ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ ਸਨ। ਕੱਲ੍ਹ ਜੇਲ੍ਹ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ ਹੈ ਤੇ ਮੌਤ ਦਾ ਮੁੱਖ ਕਾਰਨ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣਾ ਹੈ, ਉਨ੍ਹਾਂ ਦੀ ਮੌਤ ਦੇ ਲਈ ਮੋਦੀ ਸਰਕਾਰ, ਵਿਸ਼ੇਸ਼ ਕਰਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿੱਧੇ ਤੌਰ ਉੱਤੇ ਜਿੰਮੇਵਾਰ ਹਨ। ਇਸ ਦੌਰਾਨ ਅਮਿਤ ਸ਼ਾਹ ਉੱਤੇ ਸਟੇਨ ਸਵਾਮੀ ਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਕਿਰਤੀ ਕਿਸਾਨ ਮੋਰਚੇ ਦੇ ਆਗੂ ਜਗਮਨਦੀਪ ਸਿੰਘ ਪੜ੍ਹੀ,ਜਗਦੀਪ ਕੌਰ ਢੱਕੀ ਮੌਜੂਦ ਸਨ।