ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 7 ਜੁਲਾਈ
ਸਰਹਿੰਦ ਸਬਜ਼ੀ ਮੰਡੀ ’ਚ ਸਬਜ਼ੀ ਤੇ ਫਲ ਵੇਚਣ ਅਤੇ ਖਰੀਦਣ ਵਾਲੇ ਕਿਸਾਨਾਂ ਅਤੇ ਸਬਜ਼ੀ ਵਿਚੋਂ ਫਲ ਲੱਦ ਕੇ ਲਿਜਾਣ ਵਾਲੇ ਰੇਹੜੀ, ਟੈਂਪੂ, ਛੋਟਾ ਹਾਥੀ ਆਦਿ ਵਾਹਨਾਂ ਚਾਲਕਾਂ ਨੇ ਠੇਕੇਦਾਰ ਵੱਲੋਂ ਲਾਈ ਗਈ ਨਾਜਾਇਜ਼ ਪਰਚੀ ਦੇ ਵਿਰੋਧ ਵਿਚ ਤੀਜੇ ਦਿਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਭੁਪਿੰਦਰ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਮੇਜਰ ਸਿੰਘ, ਤਾਰਾ ਸਿੰਘ, ਪ੍ਰਦੀਪ ਸਿੰਘ ਅਤੇ ਅਜੇ ਕੁਮਾਰ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ ਪਰ ਮਸਲਾ ਹੱਲ ਨਹੀਂ। ਉਨ੍ਹਾਂ ਦੱਸਿਆ ਕਿ 8 ਜੁਲਾਈ ਨੂੰ ਕੋਈ ਵੀ ਕਿਸਾਨ ਸਬਜ਼ੀ ਵੇਚਣ ਵਾਲਾ ਤੇ ਢੋਣ ਵਾਲਾ ਵਾਹਨ ਚਾਲਕ ਮੰਡੀ ਵਿਚੋਂ ਸਬਜ਼ੀ ਨਹੀਂ ਲੈ ਕੇ ਜਾਵੇਗਾ ਅਤੇ ਜਦੋਂ ਤੱਕ ਪਰਚੀ ਬੰਦ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਮੰਡੀਆਂ ਵਿਚ ਯੂਜ਼ਰ ਚਾਰਜ਼ਿਜ ਵਜੋਂ ਹੋ ਰਹੀ ਲੁੱਟ ਸਬੰਧੀ ਸ਼ਿਕਾਇਤ
ਖਰੜ (ਪੱਤਰ ਪ੍ਰੇਰਕ): ਖਰੜ ਦੇ ਇੱਕ ਵਪਾਰੀ ਅਰੁਣ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇੱਕ ਸ਼ਿਕਾਇਤ ਭੇਜ ਕੇ ਲਿਖਿਆ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਯੂਜ਼ਰ ਚਾਰਜ਼ਿਜ ਦੇ ਨਾਂ ਤੇ ਖਰੀਦਦਾਰਾਂ ਤੋਂ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਵਲੋਂ ਆਪਣੀ ਸ਼ਿਕਾਇਤ ਨਾਲ 2 ਫੋਟੋਆਂ ਵੀ ਭੇਜੀਆਂ ਗਈਆਂ ਹਨ ਜੋ ਖਰੜ ਅਨਾਜ ਮੰਡੀਆਂ ਦੀਆਂ ਹਨ। ਪਹਿਲੀ ਤਸਵੀਰ 21 ਜੂਨ 2022 ਦੀ ਹੈ ਜਿਸ ਸਬੰਧੀ ਉਥੇ ਲੱਗੇ ਬੋਰਡ ਉਤੇ ਪਾਰਕਿੰਗ ਅਨਾਜ ਮੰਡੀ ਖਰੜ ਲਿਖਿਆ ਹੈ। ਉਸ ਨੇ ਲਿਖਿਆ ਹੈ ਕਿ ਉਸ ਨੇ ਸਾਰੀ ਅਨਾਜ ਮੰਡੀ ਦਾ ਦੌਰਾ ਕੀਤਾ ਪਰ ਕਿਤੇ ਪਾਰਕਿੰਗ ਨਜ਼ਰ ਨਹੀਂ ਆਈ। ਦੂਸਰੀ ਤਸਵੀਰ 3 ਜੁਲਾਈ 2022 ਦੀ ਹੈ । ਹੁਣ ਪਾਰਕਿੰਗ ਵਾਲਾ ਬੋਰਡ ਨਜ਼ਰ ਨਹੀਂ ਆ ਰਿਹਾ ਪਰ ਉਸੇ ਥਾਂ ਉਤੇ ਯੂਜ਼ਰ ਚਾਰਜ਼ਿਜ ਦਾ ਬੋਰਡ ਲਗਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਵਲੋਂ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੁੱਛਿਆ ਕਿ ਇਹ ਕਿਸ ਤਰੀਕੇ ਦੇ ਯੂਜ਼ਰ ਚਾਰਜਿਜ਼ ਇਕੱਠੇ ਹੋ ਰਹੇ ਹਨ ਪਰ ਉਨ੍ਹਾਂ ਵੱਲੋਂ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ।ਉਸ ਨੇ ਲਿਖਿਆ ਕਿ ਇਹ ਜੋ ਲੋਕ ਮੰਡੀ ਵਿਚ ਅਨਾਜ ਜਾਂ ਸਬਜ਼ੀ ਲੈਣ ਆਉਂਦੇ ਹਨ, ਉਨ੍ਹਾਂ ਦੀ ਭਾਰੀ ਲੁੱਟ ਹੋ ਰਹੀ ਹੈ।