ਪੱਤਰ ਪ੍ਰੇਰਕ
ਘਨੌਲੀ, 30 ਅਪਰੈਲ
ਇੱਥੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਦੀ ਅਗਵਾਈ ਹੇਠ ਲੋਕਾਂ ਵੱਲੋਂ ਪਾਵਰਕੌਮ ਉਪ ਮੰਡਲ ਘਨੌਲੀ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਕਮੇਟੀ ਪ੍ਰਧਾਨ ਨਿਰਮਲ ਸਿੰਘ ਲੌਦੀਮਾਜਰਾ, ਜਨਰਲ ਸਕੱਤਰ ਗਿਆਨ ਸਿੰਘ ਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮੋਹਣ ਸਿੰਘ ਧਮਾਣਾ ਨੇ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਦੋਸ਼ ਲਗਾਇਆ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ 22 ਅਪਰੈਲ ਨੂੰ ਮੱਦੋਮਾਜਰਾ ਤੇ ਬਹਾਦਰਪੁਰ ਦੇ ਕਿਸਾਨਾਂ ਦੀ ਲਗਪਗ 8-9 ਏਕੜ ਕਣਕ ਦੀ ਫਸਲ ਸੜੀ ਸੀ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਕਿਸਾਨਾਂ ਨੂੰ ਹੁਣ ਤੱਕ ਮੁਆਵਜ਼ਾ ਦੇਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸੜੀ ਫਸਲ ਦਾ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ। ਪਾਵਰਕੌਮ ਦੇ ਸਹਾਇਕ ਇੰਜਨੀਅਰ ਭਾਗ ਸਿੰਘ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਹਾਦਸਾ ਕੰਬਾਈਨ ਦੇ ਖੰਭੇ ਨਾਲ ਟਕਰਾਉਣ ਕਾਰਨ ਵਾਪਰਿਆ ਲੱਗਦਾ ਹੈ। ਇਸ ਸਬੰਧੀ ਉਨ੍ਹਾਂ ਰਿਪੋਰਟ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਾਰਾਂ ਵੀ ਢਿੱਲੀਆਂ ਨਹੀਂ ਸਨ।