ਹਰਜੀਤ ਸਿੰਘ
ਜ਼ੀਰਕਪੁਰ, 11 ਸਤੰਬਰ
ਨੇੜਲੇ ਪਿੰਡ ਨਗਲਾ ਵਿੱਚ ਇਕ ਫੈਕਟਰੀ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਖ਼ਿਲਾਫ਼ ਅੱਜ ਇਕ ਦਰਜਨ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਫੈਕਟਰੀ ਦੇ ਬਾਹਰ ਧਰਨਾ ਦਿੱਤਾ ਗਿਆ। ਮੁਜ਼ਹਰਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਹੀ ਪ੍ਰਸ਼ਾਸ਼ਨ ਨੇ ਇਹ ਫੈਕਟਰੀ ਬੰਦ ਨਾ ਕਰਵਾਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ। ਮੁਜ਼ਹਰਾਕਾਰੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਮੇ ਸਮੇ ਤੋਂ ਪ੍ਰਸ਼ਾਸ਼ਨਿਕ ਅਧਿਕਾਰੀ ਕਾਰਵਾਈ ਦੇ ਨਾਂ ਹੇਠ ਲਾਅਰੇ ਲਗਾ ਰਹੇ ਹਨ ਤੇ ਜੇਕਰ ਹੁਣ ਛੇਤੀ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਊਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਲੋੜ ਪੈਣ ’ਤੇ ਹਾਈਵੇਅ ਵੀ ਜਾਮ ਕੀਤਾ ਜਾਏਗਾ।
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ, ਮੋਤੀਆ ਰਾਇਲ ਸਿਟੀ ਦੇ ਪ੍ਰਧਾਨ ਸ਼ਾਹ ਪ੍ਰੀਤਪਾਲ ਸਿੰਘ, ਆਸ਼ੀਸ਼ ਦਿਵੇਦੀ, ਮੀਨਾ ਅਰੋੜਾ, ਐਰੋ ਹੋਮਜ਼ ਦੇ ਪ੍ਰਧਾਨ ਅਸ਼ੋਕ ਕੁਮਾਰ ਗਰਗ, ਏ.ਕੇ.ਗੁਪਤਾ, ਮਾਇਆ ਗਾਰਡਨ ਸਿਟੀ ਤੋਂ ਜੀਬੀ ਪਾਂਡੇ, ਮਿੰਕੀ ਸੰਧੂ, ਮੋਤੀਆ ਸਿਟੀ ਦੇ ਪ੍ਰਧਾਨ ਰਾਮ ਸੁੰਦਰ, ਡੀਐੱਸ ਨਾਗਰਾ ਤੇ ਹੋਰਨਾਂ ਨੇ ਦੱਸਿਆ ਕਿ ਨਗਲਾ ਸਥਿਤ ਇਕ ਫੈਕਟਰੀ ਵੱਲੋਂ ਛੱਡੇ ਜਾ ਰਹੇ ਧੂੰਏ ਅਤੇ ਦੂਸ਼ਿਤ ਪਾਣੀ ਤੋਂ ਨੇੜਲੀ ਰਿਹਾਇਸ਼ੀ ਕਲੋਨੀਆਂ ਦੇ ਵਸਨੀਕ ਕਾਫੀ ਪ੍ਰੇਸ਼ਾਨ ਹਨ। ਇਸ ਫੈਕਟਰੀ ਕਾਰਨ ਆਸਪਾਸ ਦੇ ਇਲਾਕੇ ਵਿੱਚ ਬਦਬੂ ਫੈਲੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਊਨ੍ਹਾਂ ਕਿਹਾ ਕਿ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਲੋਕ ਫਲੈਟ ਛੱਡਣ ਲਈ ਮਜ਼ਬੂਰ ਹੋ ਰਹੇ ਹਨ।