ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਗਸਤ
ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਦੇ ਵਾਧੇ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਉੱਤਰੀ ਕੈਂਪਸ ਸਥਿਤ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂ.ਆਈ.ਈ.ਟੀ.) ਦੇ ਮੁੱਖ ਗੇਟ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿੱਚ ਸ਼ਾਮਲ ਵਿਦਿਆਰਥੀਆਂ ਨੇ ‘ਫੀਸ ਵਾਧਾ’ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।
ਵਿਦਿਆਰਥੀ ਆਗੂ ਸੁਖਮਨ ਅਤੇ ਹੋਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀ.ਯੂ. ਵਿੱਚ ਫੀਸਾਂ ਵਧਾਉਣਾ ਇੱਕ ਸੋਚੀ ਸਮਝੀ ਚਾਲ ਅਤੇ ਢਾਂਚਾਗਤ ਹਿੰਸਾ ਹੈ ਜੋ ਅੰਤ ਵਿੱਚ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਬਾਹਰ ਕੱਢ ਦੇਵੇਗੀ। ਇਹ ਇਕੱਲੇ ਯੂ.ਆਈ.ਈ.ਟੀ. ਦਾ ਮੁੱਦਾ ਨਹੀਂ ਹੈ ਸਗੋਂ ਯੂ.ਆਈ.ਐੱਲ.ਐੱਸ. ਵਰਗੇ ਵਿਭਾਗਾਂ ਦੀਆਂ ਫੀਸਾਂ ਵਿੱਚ ਵੀ ਅੰਨ੍ਹੇਵਾਹ ਅਤੇ ਮਨਮਰਜ਼ੀ ਨਾਲ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਇੱਕ ਪਬਲਿਕ ਯੂਨੀਵਰਸਿਟੀ ਹੈ ਜਿੱਥੇ ਕਿ ਵਿਦਿਆਰਥੀਆਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅੱਜ ਇਹ ਰੋਸ ਪ੍ਰਦਰਸ਼ਨ ਪੀ.ਯੂ. ਨੂੰ ਨਿੱਜੀਕਰਨ ਤੋਂ ਬਚਾਉਣ ਲਈ ਵੀ ਹੈ ਤਾਂ ਜੋ ਸਿੱਖਿਆ ਨੂੰ ਹਾਸ਼ੀਏ ’ਤੇ ਪਹੁੰਚ ਚੁੱਕੇ ਵਰਗ ਦੇ ਵਿਦਿਆਰਥੀਆਂ ਦੇ ਲਈ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਦਾ ਧਰਨਾ ਪੀ.ਯੂ. ਅਥਾਰਿਟੀ ਨੂੰ ਸਿਰਫ਼ ਇੱਕ ਚੇਤਾਵਨੀ ਹੈ ਤਾਂ ਜੋ ਅਥਾਰਿਟੀ ਵਿਦਿਆਰਥੀਆਂ ਦੀਆਂ ਜਮਹੂਰੀ ਮੰਗਾਂ ਨੂੰ ਪੂਰਾ ਕਰੇ। ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਲਾਮਬੰਦ ਕੀਤਾ ਜਾਵੇਗਾ।