ਪੱਤਰ ਪ੍ਰੇਰਕ
ਕੁਰਾਲੀ, 8 ਸਤੰਬਰ
ਪਿੰਡ ਬੰਨ੍ਹਮਾਜਰਾ ਦੀ ਸ਼ਮਸ਼ਾਨ ਘਾਟ ਨੂੰ ਜਾਂਦੇ ਰਸਤੇ ’ਤੇ ਲੋਕਾਂ ਦੀ ਸਹੂਲਤ ਲਈ ਬਣਾਇਆ ਸ਼ੈੱਡ ਤੋੜੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਵਾਸੀਆਂ ਨੇ ਸਰਪੰਚ ’ਤੇ ਨਿੱਜੀ ਮੁਫ਼ਾਦ ਲਈ ਸ਼ੈੱਡ ਤੋੜਨ ਦਾ ਦੋਸ਼ ਲਗਾਉਂਦਿਆਂ ਸ਼ੈੱਡ ਦੁਬਾਰਾ ਪਾਏ ਜਾਣ ਦੀ ਮੰਗ ਕੀਤੀ ਹੈ। ਪਿੰਡ ਵਾਸੀਆਂ ਨੇ ਇਸ ਸਬੰਧੀ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ।
ਪਿੰਡ ਵਾਸੀਆਂ ਸੱਜਣ ਸਿੰਘ, ਸਤਿੰਦਰ ਸਿੰਘ, ਰਣਧੀਰ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਪਿਛਲੀ ਪੰਚਾਇਤ ਨੇ ਪਿੰਡ ਦੀ ਸ਼ਮਸ਼ਾਨਘਾਟ ਦੇ ਰਸਤੇ ’ਤੇ ਲੱਖਾਂ ਰੁਪਏ ਖ਼ਰਚ ਕਰ ਕੇ ਸ਼ੈੱਡ ਪਵਾਇਆ ਸੀ। ਇਹ ਸ਼ੈੱਡ ਸਸਕਾਰ ’ਤੇ ਜਾਣ ਸਮੇਂ ਮਹਿਲਾਵਾਂ ਦੇ ਬੈਠਣ ਲਈ ਉਚੇਚੇ ਤੌਰ ’ਤੇ ਬਣਵਾਇਆ ਗਿਆ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸ਼ੈੱਡ ਢਾਹ ਦੇਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਦੌਰਾਨ ਸਸਕਾਰ ’ਤੇ ਆਏ ਲੋਕ ਸ਼ੈੱਡ ਨਾ ਹੋਣ ਕਾਰਨ ਮੀਂਹ ਵਿਚ ਭਿਜਦੇ ਰਹੇ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਸੈੱਡ ਨੂੰ ਤੋੜਨ ਦਾ ਕਾਰਨ ਪੁੱਛਦੇ ਹਨ ਤਾਂ ਸਰਪੰਚ ਇਸ ਦਾ ਜਵਾਬ ਦੇਣ ਦੀ ਬਜਾਇ ਪਿੰਡ ਵਾਸੀਆਂ ਨੂੰ ਆਰਟੀਆਈ ਰਾਹੀਂ ਪੁੱਛਣ ਲਈ ਕਹਿੰਦਾ ਹੈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸ਼ੈੱਡ ਮੁੜ ਨਾ ਪੁਆਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਇਸ ਲਈ ਕਾਨੂੰਨੀ ਚਾਰਾਜੋਈ ਦਾ ਐਲਾਨ ਵੀ ਕੀਤਾ।
ਸ਼ੈੱਡ ਮੁੜ ਪਵਾਇਆ ਜਾਵੇਗਾ: ਸਰਪੰਚ
ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਦੱਸਿਆ ਕਿ ਟਰਾਲੀ ਵਿੱਚ ਫਸ ਜਾਣ ਕਾਰਨ ਇਹ ਸ਼ੈੱਡ ਨੁਕਸਾਨਿਆ ਗਿਆ ਸੀ। ਇਸ ਕਾਰਨ ਸ਼ੈੱਡ ਟੁੱਟ ਕੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਸੀ ਤੇ ਹਾਦਸੇ ਦੇ ਡਰ ਤੋਂ ਉਨ੍ਹਾਂ ਨੇ ਸ਼ੈੱਡ ਨੂੰ ਹਟਾਇਆ ਹੈ। ਸਰਪੰਚ ਨੇ ਦੱਸਿਆ ਕਿ ਸ਼ੈੱਡ ਜਲਦੀ ਹੀ ਦੁਬਾਰਾ ਪਵਾਇਆ ਜਾਵੇਗਾ।